ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਝੰਡੇ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ
ਨਵੀਂ ਦਿੱਲੀ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਅਤੇ ਵਰਕਰਾਂ ਨੇ ਇੱਥੇ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਭੁੱਟੋ ਦੀਆਂ "ਅਸੰਵੇਦਨਸ਼ੀਲ" ਟਿੱਪਣੀਆਂ ਲਈ ਮੁਆਫੀ ਮੰਗਣ ਦੀ ਵੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਝੰਡੇ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਕੁਝ ’ਤੇ ‘ਪਾਕਿਸਤਾਨ ਔਕਾਤ ਮੇਂ ਆਓ ਔਰ ਮਾਫੀ ਮਾਂਗੋ’ ਅਤੇ ‘ਪਾਕਿਸਤਾਨ ਹੋਸ਼ ਮੈਂ ਆਓ’ ਵਰਗੇ ਨਾਅਰੇ ਲਿਖੇ ਹੋਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਭੁੱਟੋ ਦੀ ਟਿੱਪਣੀ ਲਈ ਆਲੋਚਨਾ ਕਰਦੇ ਹੋਏ ਪਾਰਟੀ ਦੇ ਇਕ ਆਗੂ ਨੇ ਕਿਹਾ, “ਅਸੀਂ ਭੁੱਟੋ ਦੀ ਟਿੱਪਣੀ ਦੀ ਨਿੰਦਾ ਕਰਦੇ ਹਾਂ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਅਜਿਹੀ ਭਾਸ਼ਾ ਕਿਵੇਂ ਵਰਤ ਸਕਦੇ ਹਨ। ਉਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੇ ਨਾਨੇ ਨੇ ਭਾਰਤ ਤੋਂ ਮੁਆਫੀ ਮੰਗੀ ਸੀ”। ਪਾਰਟੀ ਦੇ ਇਕ ਨੇਤਾ ਨੇ ਕਿਹਾ, ''ਭਾਰਤੀ ਨੇਤਾ 'ਤੇ ਹਮਲਾ ਕਰਨ ਲਈ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ।"
ਇਕ ਹੋਰ ਨੇਤਾ ਨੇ ਕਿਹਾ ਕਿ ਭੁੱਟੋ ਨੂੰ ਭਾਰਤੀ ਆਗੂਆਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਭਾਜਪਾ ਦੇ ਵਰਕਰਾਂ ਨੇ ਕਿਹਾ, “ਅਸੀਂ ਆਪਣੇ ਆਗੂ ਖਿਲਾਫ਼ ਅਜਿਹੇ ਅਸੰਵੇਦਨਸ਼ੀਲ ਬਿਆਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪਾਕਿਸਤਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਭੁੱਟੋ ਨੇ ਇਹ ਟਿੱਪਣੀ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਅੱਤਵਾਦ ਨੂੰ ਸਮਰਥਨ ਦੇਣ 'ਤੇ ਪਾਕਿਸਤਾਨ 'ਤੇ ਤਿੱਖੇ ਹਮਲੇ ਕੀਤੇ ਜਾਣ ਤੋਂ ਬਾਅਦ ਕੀਤੀ ਸੀ।