
ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਨੇ ਬੀਤੇ ਦਿਨੀਂ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ 'ਚ ਡੇਰਾ ਮੁਖੀ ਸਮੇਤ ਚਾਰ ਨੂੰ ਦੋਸ਼ੀ...
ਪੰਚਕੂਲਾ : ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਨੇ ਬੀਤੇ ਦਿਨੀਂ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ 'ਚ ਡੇਰਾ ਮੁਖੀ ਸਮੇਤ ਚਾਰ ਨੂੰ ਦੋਸ਼ੀ ਕਰਾਰ ਦੇ ਦਿਤਾ ਸੀ। ਉਸ ਦਿਨ ਸਜ਼ਾ ਸੁਣਾਉਣ ਲਈ 17 ਜਨਵਰੀ ਮੁਕਰਰ ਕੀਤੀ ਗਈ ਸੀ। ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਇਸ ਮਾਮਲੇ 'ਚ ਸਜ਼ਾ ਸੁਣਾਉਂਦਿਆਂ ਡੇਰਾ ਮੁਖੀ ਅਤੇ ਬਾਕੀ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਚਾਰਾਂ ‘ਤੇ ਹੀ 50-50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਦੋਸ਼ੀ ਰਾਮ ਰਹੀਮ ਦੀ ਉਮਰਕੈਦ ਦੀ ਸਜ਼ਾ ਪਿਛਲੀ ਬਲਾਤਕਾਰ ਮਾਮਲੇ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਬਾਕੀ ਦੋਸ਼ੀਆਂ ਦੀ ਉਮਰਕੈਦ ਦੀ ਸਜ਼ਾ ਅੱਜ ਤੋਂ ਹੀ ਸ਼ੁਰੂ ਹੋਵੇਗੀ। ਸਜ਼ਾ ਲਈ ਸੁਨਾਰਿਆ ਤੇ ਅੰਬਾਲਾ ਜੇਲ 'ਚ ਬਕਾਇਦਾ ਕਟਹਿਰੇ ਬਣਾਏ ਗਏ ਸਨ ਜਿਥੇ ਖੜਾ ਕਰਕੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਦਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ ਉਸ ਵੇਲੇ ਡੇਰਾ ਮੁਖੀ ਹੱਥ ਜੋੜ ਕੇ ਖੜਾ ਸੀ ਤੇ ਉਸ ਦੀ ਚਿਹਰੇ 'ਤੇ ਉਦਾਸੀ ਛਾਈ ਹੋਈ ਸੀ। ਉਸ ਦਾ ਵਕੀਲ ਵਾਰ ਵਾਰ ਉਸ ਨੂੰ ਕੁਝ ਸਮਝਾ ਰਿਹਾ ਸੀ ਅਤੇ ਉਸ ਦੀ ਸਜ਼ਾ ‘ਚ ਰਹਿਮ ਕਰਨ ਦੀ ਮੰਗ ਕਰ ਰਿਹਾ ਸੀ।
ਅਦਾਲਤ ਨੇ ਡੇਰਾ ਮੁਖੀ ਅਤੇ ਬਾਕੀ ਦੋਸ਼ੀਆਂ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ। ਇਸ ਮੌਕੇ ਪੂਰੇ ਹਰਿਆਣਾ ਤੇ ਪੰਜਾਬ ਸਮੇਤ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਦੇ ਬਾਹਰ ਸੁਰੱਖਿਆ ਦਾ ਪ੍ਰਬੰਧ ਪੁਖ਼ਤਾ ਸੀ। ਦੱਸ ਦਈਏ ਕਿ ਸਾਲ 2002 ਵਿਚ ਪੱਤਰਕਾਰ ਛਤਰਪਤੀ ਦਾ ਸਿਰਸਾ ਵਿਖੇ ਕਤਲ ਕਰ ਦਿਤਾ ਗਿਆ ਸੀ ਤੇ ਉਸ ਤੋਂ ਬਾਅਦ ਉਸ ਦੇ ਬੇਟੇ ਅੰਸ਼ੁਲ ਛਤਰਪਤੀ ਅਤੇ ਬਾਕੀ ਪਰਵਾਰ ਨੇ 16 ਸਾਲ ਦੀ ਲੰਮੀ ਲੜਾਈ ਲੜੀ ਤੇ ਅੱਜ ਪਰਵਾਰਕ ਮੈਂਬਰ ਡੇਰਾ ਮੁਖੀ ਨੂੰ ਸਜ਼ਾ ਮਿਲਣ 'ਤੇ ਸੰਤੁਸ਼ਟ ਹਨ।