ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਰਲਡ ਇਕਨਾਮਿਕ ਫੋਰਮ ਦੀ ਬੈਠਕ ਨੂੰ ਸੰਬੋਧਨ ਕੀਤਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਰਲਡ ਇਕਨਾਮਿਕ ਫੋਰਮ ਦੀ ਬੈਠਕ ਨੂੰ ਸੰਬੋਧਨ ਕੀਤਾ। ਪੀਐਮ ਨੇ ਕਿਹਾ ਕਿ ਭਾਰਤ ਕੋਰੋਨਾ ਲਹਿਰ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਕੋਰੋਨਾ ਦੌਰਾਨ ਆਰਥਿਕ ਸੁਧਾਰਾਂ 'ਤੇ ਵੀ ਧਿਆਨ ਦਿੱਤਾ ਹੈ। ਜਦੋਂ ਤੋਂ ਕੋਰੋਨਾ ਦਾ ਦੌਰ ਸ਼ੁਰੂ ਹੋਇਆ ਹੈ, ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾ ਰਹੇ ਹਾਂ। ਅਸੀਂ ਆਰਥਿਕ ਸੁਧਾਰਾਂ 'ਤੇ ਵੀ ਬਹੁਤ ਧਿਆਨ ਕੇਂਦਰਿਤ ਕੀਤਾ ਹੈ।
ਉਹਨਾਂ ਕਿਹਾ ਅੱਜ ਦੁਨੀਆ ਦੇ ਅਰਥ ਸ਼ਾਸਤਰੀ ਵੀ ਸਾਡੇ ਕਦਮਾਂ ਦੀ ਸ਼ਲਾਘਾ ਕਰ ਰਹੇ ਹਨ। ਭਾਰਤ ਯਕੀਨੀ ਤੌਰ 'ਤੇ ਦੁਨੀਆ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ। ਅੱਜ ਭਾਰਤ ਕੋਰੋਨਾ ਦੀ ਇਕ ਹੋਰ ਲਹਿਰ ਦਾ ਸਾਵਧਾਨੀ ਅਤੇ ਚੌਕਸੀ ਨਾਲ ਸਾਹਮਣਾ ਕਰ ਰਿਹਾ ਹੈ। ਭਾਰਤ ਆਰਥਿਕ ਖੇਤਰ ਵਿਚ ਵੀ ਬਹੁਤ ਸਾਰੇ ਚੰਗੇ ਨਤੀਜੇ ਲੈ ਕੇ ਅੱਗੇ ਵੱਧ ਰਿਹਾ ਹੈ। ਭਾਰਤ ਵਿਚ ਅੱਜ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜੋਸ਼ ਵੀ ਹੈ। ਭਾਰਤ ਇੱਕ ਸਾਲ ਵਿਚ ਲਗਭਗ 160 ਕਰੋੜ ਟੀਕੇ ਦੀਆਂ ਖੁਰਾਕਾਂ ਦੇਣ ਦੇ ਭਰੋਸੇ ਨਾਲ ਭਰਿਆ ਹੋਇਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਦੁਨੀਆਂ ਨੂੰ ਉਮੀਦ ਦਾ ਤੋਹਫਾ ਦਿੱਤਾ ਹੈ। ਭਾਰਤ 'ਵਨ ਅਰਥ, ਵਨ ਹੈਲਥ' ਤਹਿਤ ਦੁਨੀਆ ਦੇ ਕਈ ਦੇਸ਼ਾਂ ਨੂੰ ਵੈਕਸੀਨ ਦੇ ਕੇ ਲੱਖਾਂ ਜਾਨਾਂ ਬਚਾ ਰਿਹਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦਵਾ ਉਤਪਾਦਕ ਦੇਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਕੋਲ ਦੁਨੀਆ ਦਾ ਸਭ ਤੋਂ ਵੱਡਾ, ਸੁਰੱਖਿਅਤ ਅਤੇ ਸਫਲ ਡਿਜੀਟਲ ਭੁਗਤਾਨ ਪਲੇਟਫਾਰਮ ਹੈ।
ਸਿਰਫ਼ ਪਿਛਲੇ ਮਹੀਨੇ ਵਿਚ ਭਾਰਤ ਵਿਚ UPI ਰਾਹੀਂ 4.4 ਬਿਲੀਅਨ ਭੁਗਤਾਨ ਕੀਤੇ ਗਏ। ਅਸੀਂ ਭਾਰਤ ਵਿਚ ਕਾਰੋਬਾਰ ਕਰਨ ਦੀਆਂ ਚੁਣੌਤੀਆਂ ਨੂੰ ਸਮਝਦੇ ਹਾਂ। 'ਈਜ਼ ਆਫ਼ ਡੂਇੰਗ ਬਿਜ਼ਨਸ' ਦੇ ਤਹਿਤ ਅਸੀਂ ਕਾਰਪੋਰੇਟ ਟੈਕਸ ਨੂੰ ਦੁਨੀਆ ਵਿਚ ਸਭ ਤੋਂ ਵੱਧ ਪ੍ਰਤੀਯੋਗੀ ਬਣਾ ਦਿੱਤਾ ਹੈ। ਭਾਰਤ ਵਿਚ ਨਿਵੇਸ਼ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਗਤੀ ਸ਼ਕਤੀ ਯੋਜਨਾ ਦੇ ਤਹਿਤ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਤਾਲਮੇਲ ਨਾਲ ਯਤਨ ਕੀਤੇ ਜਾ ਰਹੇ ਹਨ।