
ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ-304 ਦੀ ਥਾਂ ਧਾਰਾ-302 ਸ਼ਾਮਲ ਕੀਤੀ ਹੈ
ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਅੰਜਲੀ ਨਾਂਅ ਦੀ ਇੱਕ ਲੜਕੀ ਦੀ ਸਕੂਟੀ ਨੂੰ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਕਰੀਬ 12 ਕਿਲੋਮੀਟਰ ਤੱਕ ਘਸੀਟਣ ਦੇ ਮਾਮਲੇ ਵਿੱਚ ਛੇ ਮੁਲਜ਼ਮਾਂ ਵਿਰੁੱਧ ਕਤਲ ਦੇ ਦੋਸ਼ ਲਗਾਏ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੱਤ ਵਿੱਚੋਂ ਛੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 304 (ਗ਼ੈਰ-ਇਰਾਦਤਨ ਕਤਲ) ਤਹਿਤ ਦੋਸ਼ ਤੈਅ ਕੀਤੇ ਗਏ ਸਨ। ਕਤਲ ਦਾ ਦੋਸ਼ ਲੱਗਣ ਤੋਂ ਬਾਅਦ ਦੋਸ਼ੀ ਨੂੰ ਸਜ਼ਾ-ਏ-ਮੌਤ ਜਾਂ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਨੇ ਕਿਹਾ, "ਸੁਲਤਾਨਪੁਰੀ ਕਾਂਡ ਵਿੱਚ ਸਰੀਰਕ, ਜ਼ੁਬਾਨੀ, ਫ਼ੋਰੈਂਸਿਕ ਅਤੇ ਹੋਰ ਵਿਗਿਆਨਕ ਸਬੂਤ ਇਕੱਠੇ ਕਰਨ ਤੋਂ ਬਾਅਦ, ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ-304 ਦੀ ਥਾਂ ਧਾਰਾ-302 ਸ਼ਾਮਲ ਕੀਤੀ ਹੈ। ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ।''
ਇਹ ਕਦਮ ਦਿੱਲੀ ਪੁਲਿਸ ਵੱਲੋਂ ਸੈਸ਼ਨ ਕੋਰਟ ਨੂੰ ਇਹ ਦੱਸਣ ਤੋਂ ਇੱਕ ਦਿਨ ਬਾਅਦ ਚੁੱਕਿਆ ਗਿਆ ਹੈ, ਕਿ ਉਹ ਇਸ ਵਿੱਚ ਆਈ.ਪੀ.ਸੀ. ਦੀ ਧਾਰਾ 302 ਸ਼ਾਮਲ ਕਰੇਗੀ।
ਅੰਜਲੀ ਸਿੰਘ (20) ਦੀ ਸਕੂਟੀ ਨੂੰ 31 ਦਸੰਬਰ ਦੀ ਦੇਰ ਰਾਤ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਕਾਰ 'ਚ ਫ਼ਸ ਕੇ ਸੁਲਤਾਨਪੁਰੀ ਤੋਂ ਕਾਂਝਵਾਲਾ ਵਿਚਕਾਰ 12 ਕਿਲੋਮੀਟਰ ਤੱਕ ਘਿਸੜਦੀ ਚਲੀ ਗਈ ਸੀ। ਇਸ ਹਾਦਸੇ 'ਚ ਅੰਜਲੀ ਦੀ ਮੌਤ ਹੋ ਗਈ ਸੀ।
ਪੁਲਿਸ ਨੇ 2 ਜਨਵਰੀ ਨੂੰ ਇਸ ਮਾਮਲੇ 'ਚ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਣ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਗ੍ਰਿਫਤਾਰ ਕੀਤਾ ਸੀ। ਇੱਕ ਹੋਰ ਦੋਸ਼ੀ ਅੰਕੁਸ਼ ਨੇ 6 ਜਨਵਰੀ ਨੂੰ ਆਤਮ ਸਮਰਪਣ ਕੀਤਾ ਅਤੇ ਅਗਲੇ ਦਿਨ ਜ਼ਮਾਨਤ 'ਤੇ ਰਿਹਾਅ ਹੋ ਗਿਆ।
ਚਾਰ ਦਿਨ ਬਾਅਦ ਇੱਕ ਹੋਰ ਦੋਸ਼ੀ ਆਸ਼ੂਤੋਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅੰਜਲੀ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਵੀ ਆਪਣੀ ਧੀ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸੁਲਤਾਨਪੁਰੀ ਥਾਣੇ ਦੇ ਬਾਹਰ ਧਰਨਾ ਦਿੱਤਾ ਸੀ।
ਉਨ੍ਹਾਂ ਨੇ ਇਹ ਦੋਸ਼ ਲਗਾਉਂਦੇ ਹੋਏ ਐਫ਼.ਆਈ.ਆਰ. ਵਿੱਚ ਧਾਰਾ 302 ਸ਼ਾਮਲ ਕਰਨ ਦੀ ਮੰਗ ਕੀਤੀ ਸੀ ਕਿ ਮੁਲਜ਼ਮਾਂ ਨੇ ਇਹ ਜਾਣਦੇ ਹੋਏ ਵੀ ਕਾਰ ਚਲਾਉਣਾ ਜਾਰੀ ਰੱਖਿਆ ਕਿ ਲੜਕੀ ਉਨ੍ਹਾਂ ਦੀ ਕਾਰ ਵਿੱਚ ਫ਼ਸ ਕੇ ਘਿਸੜਦੀ ਜਾ ਰਹੀ ਹੈ।