
ਕਮਿਸ਼ਨ ਨੇ 14 ਮੈਂਬਰੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਲਿਆ ਇਹ ਫ਼ੈਸਲਾ
ਨਵੀਂ ਦਿੱਲੀ : ਲੋਕਸਭਾ ਚੋਣ ਵਿਚ ਸਿਆਸੀ ਪਾਰਟੀਆਂ ਵੋਟਿੰਗ ਤੋਂ 48 ਘੰਟੇ ਪਹਿਲਾਂ ਅਪਣੇ ਚੋਣ ਮਨੋਰਥ ਪੱਤਰ ਜਾਰੀ ਨਹੀਂ ਕਰ ਸਕਣਗੀਆਂ। ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਚੋਣ ਜ਼ਾਬਤੇ ਦੇ ਨਿਯਮਾਂ ਵਿਚ ਘੋਸ਼ਣਾ ਪੱਤਰ ਨਾਲ ਜੁੜੇ ਪ੍ਰਬੰਧਾਂ ਵਿਚ ਬਦਲਾਵ ਕੀਤਾ। ਕਮਿਸ਼ਨ ਨੇ 14 ਮੈਂਬਰੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਉਤੇ ਇਹ ਫ਼ੈਸਲਾ ਲਿਆ ਹੈ। ਪਹਿਲਾਂ ਇਸ ਦੀ ਸਮਾਂ ਹੱਦ 72 ਘੰਟੇ ਸੀ।
ਕਮਿਸ਼ਨ ਦੇ ਪ੍ਰਮੁੱਖ ਸਕੱਤਰ ਨਰੇਂਦਰ ਐਨ ਬੁਤੋਲੀਆ ਨੇ ਇਸ ਸਬੰਧ ਵਿਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਸਮਾਂ ਹੱਦ ਇਕ ਜਾਂ ਇਕ ਤੋਂ ਜ਼ਿਆਦਾ ਪੜਾਅ ਵਾਲੀਆਂ ਚੋਣਾਂ ਵਿਚ ਸਮਾਨ ਰੂਪ ਨਾਲ ਲਾਗੂ ਹੋਵੇਗੀ। ਕਮਿਸ਼ਨ ਨੇ ਜਨਤਕ ਪ੍ਰਤੀਨਿਧਤਾ ਐਕਟ ਦੇ ਸੈਕਸ਼ਨ 126 ਉਤੇ ਮੁੜਵਿਚਾਰ ਲਈ 14 ਮੈਂਬਰੀ ਕਮੇਟੀ ਬਣਾਈ ਸੀ। ਚੋਣ ਜ਼ਾਬਤੇ ਵਿਚ ਵੋਟਿੰਗ ਤੋਂ 48 ਘੰਟੇ ਪਹਿਲਾਂ ਪ੍ਰਚਾਰ ਰੋਕਣ ਦਾ ਨਿਯਮ ਹੈ।