
ਕੋਰੋਨਾਵਾਇਰਸ ਕਾਰਨ ਕੰਪਨੀਆਂ ਦੇ ਕਾਰੋਬਾਰ 'ਤੇ ਪਿਆ ਵੱਡਾ ਅਸਰ
ਨਵੀਂ ਦਿੱਲੀ : ਕੋਰੋਨਾਵਾਇਰਸ ਨੇ ਦੁਨੀਆਂ ਭਰ ਦੇ ਦੇਸ਼ਾਂ ਅੰਦਰ ਤਰਥੱਲੀ ਮਚਾਈ ਹੋਈ ਹੈ। ਇਹ ਵਾਇਰਸ ਜਿੱਥੇ ਲੋਕਾਂ ਦੀ ਜਾਨ ਦਾ ਖੋਅ ਬਣਿਆ ਹੋਇਆ ਹੈ, ਉਥੇ ਕਾਰੋਬਾਰੀ ਅਦਾਰਿਆਂ ਅਤੇ ਦੇਸ਼ਾਂ ਦੇ ਅਰਥਚਾਰਿਆ 'ਤੇ ਵੀ ਮਾਰੂ ਅਸਰ ਪਾ ਰਿਹਾ ਹੈ। ਗਹਿਮਾ-ਗਹਿਮੀ ਵਾਲੀਆਂ ਜ਼ਿਆਦਾਤਰ ਕੰਮ-ਥਾਵਾਂ ਨੂੰ ਇਸ ਦੇ ਖੌਫ ਨੇ ਅਪਣੀ ਲਪੇਟ ਵਿਚ ਲੈ ਲਿਆ ਹੈ। ਰੋਜ਼ਾਨਾ ਖੂਹ ਪੁਟ ਕੇ ਪਾਣੀ-ਪੀਣ ਵਾਲੇ ਮਿਹਨਤਕਸ਼ਾਂ ਦੀ ਥਾਲੀ ਵਿਚੋਂ ਦੋ ਵਕਤ ਦੀ ਰੋਟੀ ਵੀ ਇਸ ਦੀ ਭੇਂਟ ਚੜ੍ਹਣ ਦੇ ਹਾਲਾਤ ਬਣਦੇ ਜਾ ਰਹੇ ਹਨ।
Photo
ਇਸੇ ਦੌਰਾਨ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਅਤੇ ਇੱਧਰੋਂ-ਉਧਰ ਜਾਣ ਦਾ ਜ਼ਰੀਏ ਬਣਦੀਆਂ ਏਅਰਲਾਈਨਾਂ ਨੂੰ ਵੀ ਕੋਰੋਨਾਵਾਇਰਸ ਨੇ ਹਾਲੋ-ਬੇਹਾਲ ਕਰ ਦਿਤਾ ਹੈ। ਇੰਟਰਨੈਸ਼ਨਲ ਐਵੀਏਸ਼ਨ ਫਰਮ ਸੈਂਟਰ ਫਾਰ ਏਸ਼ੀਆ ਪੈਸੇਫਿਕ ਐਵੀਨੇਸ਼ਨ (ਸੀਏਪੀਏ) ਨੇ ਇਕ ਨੋਟ ਜਾਰੀ ਕਰਦਿਆਂ ਕੋਰੋਨਾਵਾਇਰਸ ਦੀ ਵਜ੍ਹਾ ਨਾਲ ਮਈ ਦੇ ਅੰਤ ਤਕ ਦੁਨੀਆਂ ਭਰ ਦੀਆਂ ਸਮੂਹ ਏਅਰਲਾਈਨਾਂ ਦੇ ਬੈਂਕ੍ਰਪਟ (ਦੀਵਾਲੀਆ) ਹੋਣ ਦੀ ਚਿਤਾਵਨੀ ਦਿਤੀ ਹੈ।
Photo
ਸੀਏਪੀਏ ਅਨੁਸਾਰ ਏਅਰਲਾਈਨਾਂ ਦੀ ਤਬਾਹੀ ਨੂੰ ਰੋਕਣ ਲਈ ਸਰਕਾਰਾਂ ਨੂੰ ਮੱਦਦ ਲਈ ਤੁਰੰਤ ਅੱਗੇ ਆਉਣਾ ਪਵੇਗਾ। ਇਸ ਤੋਂ ਇਲਾਵਾ ਇਸ ਇੰਡਸਟਰੀ ਨੂੰ ਵੀ ਤੁਰਤ ਪ੍ਰਭਾਵੀ ਕਦਮ ਚੁੱਕਣੇ ਪੈਣਗੇ। ਸੀਏਪੀਏ ਨੇ ਅਪਣੇ ਨੋਟ 'ਚ ਅੱਗੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਯਾਤਰਾਵਾਂ 'ਤੇ ਪਾਬੰਦੀਆਂ ਲਾ ਦਿਤੀਆਂ ਹਨ। ਸਿੱਟੇ ਵਜੋਂ ਕਈ ਕੰਪਨੀਆਂ ਟੈਕਨੀਕਲ ਬੈਂਕਰਪਸੀ 'ਤੇ ਜਾਂ ਫਿਰ ਉਹ ਡੈੱਟ ਡਿਫਾਲਟ ਦੇ ਨੇੜੇ ਪਹੁੰਚ ਗਈਆਂ ਹਨ।
Photo
ਨੋਟ ਮੁਤਾਬਕ ਕੋਰੋਨਾ ਵਾਇਰਸ ਨੂੰ ਵੇਖਦਿਆਂ ਦੁਨੀਆ ਭਰ ਦੀਆਂ ਏਅਰਲਾਈਨਸ ਕੰਪਨੀਆਂ ਨੇ ਅਪਣੇ ਅਪ੍ਰੇਸ਼ਨ (ਸੰਚਾਲਨ) 'ਚ ਵੱਡੀਆਂ ਕਟੌਤੀਆਂ ਕੀਤੀਆਂ ਹਨ। ਇਸ ਦੀਆਂ ਪ੍ਰਤੱਖ ਉਦਾਹਰਨਾਂ ਅਮਰੀਕਾ ਦੀ ਡੇਲਟਾ ਏਅਰਲਾਈਨਸ ਵਰਗੀਆਂ ਕੰਪਨੀਆਂ ਵਲੋਂ ਚੁੱਕੇ ਗਏ ਹਾਲੀਆ ਕਦਮ ਹਨ। ਇਸ ਕੰਪਨੀ ਨੇ ਐਤਵਾਰ ਨੂੰ ਕਿਹਾ ਸੀ ਕਿ ਉਸ ਨੇ 300 ਏਅਰਕਰਾਫ਼ਟ ਨੂੰ ਗਰਾਊਂਡਿਡ ਕਰ ਦਿਤਾ ਹੈ। ਇਸ ਤੋਂ ਇਲਾਵਾ ਉਡਾਣਾਂ 'ਚ 40 ਫ਼ੀ ਸਦੀ ਤਕ ਦੀ ਕਟੌਤੀ ਕਰ ਦਿਤੀ ਹੈ।
Photo
ਇਸੇ ਤਰ੍ਹਾਂ ਅਮਰੀਕਾ ਨੇ ਯੂਰਪੀ ਯੂਨੀਅਨ, ਯੂਕੇ ਅਤੇ ਆਇਰਲੈਂਡ ਤੋਂ ਆਉਣ ਵਾਲੇ ਸਾਰੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਦਿਤੇ ਹਨ। ਭਾਰਤ ਸਰਕਾਰ ਨੇ ਵੀ 15 ਅਪ੍ਰੈਲ ਤਕ ਹਰ ਕਿਸਮ ਦੇ ਟੂਰਿਸਟ ਵੀਜ਼ੇ ਰੱਦ ਕਰ ਦਿਤੇ ਹਨ। ਸੀਏਪੀਏ ਅਨੁਸਾਰ ਏਅਰਕਰਾਫ਼ਟ ਦੇ ਗਰਾਊਂਡਿਡ ਹੋਣ ਕਾਰਣ ਏਅਰਲਾਈਨਸ ਦਾ ਕੈਸ਼ ਰਿਜ਼ਰਵ ਤੇਜ਼ੀ ਨਾਲ ਘੱਟ ਰਿਹਾ ਹੈ। ਇਸ ਸਮੇਂ ਜਿਹੜੀਆਂ ਫਲਾਈਟਾਂ ਚੱਲ ਵੀ ਰਹੀਆਂ ਹਨ, ਉਨ੍ਹਾਂ ਵਿਚ ਵੀ ਯਾਤਰੀਆਂ ਦੀ ਗਿਣਤੀ ਅੱਧੇ ਤੋਂ ਵੀ ਘੱਟ ਰਹਿ ਗਈ ਹੈ।
file photo
ਇਸ ਦਾ ਅਸਰ ਭਾਰਤ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਬੇੜੇ 'ਚ 260 ਜਹਾਜ਼ ਹਨ। ਕੰਪਨੀ ਵਲੋਂ ਬੀਤੇ ਵੀਰਵਾਰ ਨੂੰ ਕੀਤੇ ਦਾਅਵੇ ਅਨੁਸਾਰ ਉਸ ਦੀ ਰੋਜ਼ਾਨਾ ਬੁਕਿੰਗ ਵਿਚ 15 ਤੋਂ 20 ਫ਼ੀ ਸਦੀ ਤਕ ਦੀ ਗਿਰਾਵਟ ਆ ਗਈ ਹੈ। ਸਭ ਤੋਂ ਸਸਤੀ ਯਾਤਰਾ ਕਰਵਾਉਣ ਵਜੋਂ ਜਾਣੀ ਜਾਂਦੀ ਇੰਡੀਗੋ ਅਨੁਸਾਰ ਬੁਕਿੰਗ 'ਚ ਆਈ ਗਿਰਾਵਟ ਦਾ ਉਸ ਦੀ ਤਿਮਾਹੀ ਕਮਾਈ 'ਤੇ ਵੱਡਾ ਅਸਰ ਪਵੇਗਾ।