
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਵਿਚ ਨਵੀਂ ਸਰਕਾਰ ਬਣਦਿਆਂ ਹੀ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਚੁੱਕਿਆ ਹੈ।
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਵਿਚ ਨਵੀਂ ਸਰਕਾਰ ਬਣਦਿਆਂ ਹੀ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਹੁਣ ਦੋਹਰੀ ਜਵਾਬਦੇਹੀ ਹੈ ਕਿਉਂਕਿ ਅਸੀਂ ਪੰਜਾਬ ਦਾ ਪਾਣੀ ਲੈ ਕੇ ਦਿੱਲੀ ਨੂੰ ਪਾਣੀ ਦੇਣਾ ਹੈ। ਅਜਿਹੇ 'ਚ ਐੱਸਵਾਈਐੱਲ ਲਈ ਪਾਣੀ ਮੁਹੱਈਆ ਕਰਵਾਉਣ ਦੀ ਉਹਨਾਂ ਦੀ ਜਵਾਬਦੇਹੀ ਹੋਰ ਵਧ ਗਈ ਹੈ, ਕਿਉਂਕਿ ਹੁਣ ਦੋਵੇਂ ਸੂਬਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਹਨਾਂ ਨੇ ਵੀਰਵਾਰ ਨੂੰ ਚੰਡੀਗੜ੍ਹ ਦੇ ਹਰਿਆਣਾ ਨਿਵਾਸ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ।
ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਸੋਚਣਾ ਪਵੇਗਾ। ਜਦੋਂ ਕੁਝ ਦਿਨਾਂ 'ਚ ਉਹਨਾਂ ਦੇ ਸੂਬੇ ਦਾ ਬਜਟ ਪੇਸ਼ ਕੀਤਾ ਜਾਵੇਗਾ। ਉਹਨਾਂ ਦੇ ਰਾਜ ਦਾ ਡੈਬਿਟ ਟੂ ਜੀਐਸਡੀਪੀ ਅਨੁਪਾਤ 48 ਪ੍ਰਤੀਸ਼ਤ ਹੈ, ਜੋ ਕਿ ਹਰਿਆਣਾ ਦਾ ਸਿਰਫ਼ 24.98 ਪ੍ਰਤੀਸ਼ਤ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਹਰਿਆਣਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਦਿੱਲੀ ਵਿਚ 1100 ਦੇ ਕਰੀਬ ਸਰਕਾਰੀ ਸਕੂਲ ਹੋਣਗੇ ਪਰ ਹਰਿਆਣਾ ਵਿਚ 15 ਹਜ਼ਾਰ ਸਰਕਾਰੀ ਸਕੂਲ ਹਨ।
ਇਸ ਦੇ ਨਾਲ ਹੀ ਹਰਿਆਣਾ ਦੇ ਮੁਕਾਬਲੇ ਇੱਥੇ ਖੇਤੀ ਦੀ ਜ਼ਮੀਨ ਬਹੁਤ ਘੱਟ ਹੈ, ਜਦਕਿ ਹਰਿਆਣਾ ਵਿਚ 80 ਲੱਖ ਏਕੜ ਖੇਤੀ ਵਾਲੀ ਜ਼ਮੀਨ ਹੈ। ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਵਿਚ ਵੀ ਇਹੀ ਸਥਿਤੀ ਹੈ। ਇਸ ਲਈ ਦਿੱਲੀ ਦੀ ਤੁਲਨਾ ਹਰਿਆਣਾ ਨਾਲ ਨਹੀਂ ਕੀਤੀ ਜਾ ਸਕਦੀ ਪਰ ਹਰਿਆਣਾ ਦੀ ਤੁਲਨਾ ਪੰਜਾਬ ਨਾਲ ਜ਼ਰੂਰ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ 'ਤੇ ਵਿਅੰਗ ਕੱਸਦੇ ਹੋਏ ਕਿਹਾ, ਮੈਨੂੰ ਹਰਿਆਣਾ 'ਚ ਆਮ ਆਦਮੀ ਪਾਰਟੀ ਦੀ ਚਿੰਤਾ ਨਹੀਂ ਸਗੋਂ ਪੰਜਾਬ ਦੀ ਚਿੰਤਾ ਹੈ ਕਿ ਉੱਥੇ ਉਹਨਾਂ ਦੀ ਸਰਕਾਰ ਕੀ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਮੁੱਖ ਮੰਤਰੀ ਗੁਡ ਗਵਰਨੈਂਸ ਐਸੋਸੀਏਟ (ਸੀਐਮਜੀਜੀਏ) ਦਾ ਕਿਸੇ ਸਿਆਸੀ ਸੰਗਠਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਸਰਕਾਰ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਹੈ। ਸਮਾਜ ਸੇਵੀ ਸੰਸਥਾਵਾਂ ਉਹਨਾਂ ਦੀ ਤਨਖਾਹ ਲਈ ਜ਼ਰੂਰ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕਿਸੇ ਨੂੰ ਵੀ ਆਪਣਾ ਸਲਾਹਕਾਰ ਨਿਯੁਕਤ ਕਰ ਸਕਦਾ ਹੈ।