
ਉਸ ਨੂੰ ਮਾਲੀ ਦਾ ਕੰਮ ਦੇਣ ਤੋਂ ਪਹਿਲਾਂ ਤਰਖਾਣਾ, ਬੇਕਰੀ ਅਤੇ ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਦੇ ਕੰਮ ਦੇਣ ਬਾਰੇ ਵੀ ਵਿਚਾਰ ਹੋਈ ਸੀ
ਨਵੀਂ ਦਿੱਲੀ- ਸਿੱਖ ਵਿਰੋਧੀ ਦੰਗਿਆ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਆਖ਼ਿਰਕਾਰ ਜੇਲ੍ਹ ਵਿਚ ਕੰਮ ਮਿਲ ਗਿਆ ਹੈ ਅਤੇ ਇਹ ਕੰਮ ਮਾਲੀ ਦਾ ਹੈ। ਦਿੱਲੀ ਦੀ ਤਿਹਾੜ ਜੇਲ੍ਹ ਦੇ ਮੰਡੋਲੀ ਵਿਚ ਨਵੇਂ ਉਸਾਰੇ ਅਹਾਤੇ ਵਿਚ ਸੱਜਣ ਕੁਮਾਰ (73) ਨੂੰ ਜੇਲ੍ਹ ਦੇ ਮਾਲੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੈਦੀਆਂ ਤੋਂ ਹਲਕਾ ਫੁਲਕਾ ਕੰਮ ਲਿਆ ਜਾਂਦਾ ਹੈ। ਕੈਦੀ ਜੇਲ੍ਹ ਵਿਚ ਹਰਿਆਲੀ ਨੂੰ ਕਾਇਮ ਰੱਖਣ ਲਈ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਹਨ ਤੇ ਉਨ੍ਹਾਂ ਵਿਚ ਪਾਣੀ ਪਾਉਂਦੇ ਹਨ।
ਦਿੱਲੀ ਛਾਉਣੀ ਦੇ ਰਾਜਨਗਰ ਇਲਾਕੇ ਵਿਚ ਇੱਕ ਅਤੇ ਦੋ ਨਵੰਬਰ 1984 ਨੂੰ ਪੰਜ ਲੋਕਾਂ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿਚ ਸਜ਼ਾ ਮਿਲਣ ਕਾਰਨ ਸੱਜਣ ਕੁਮਾਰ ਨੇ ਤਿੰਨ ਮਹੀਨੇ ਪਹਿਲਾਂ ਦਿੱਲੀ ਹਾਈ ਕੋਰਟ ਅੱਗੇ ਆਤਮ ਸਮਰਪਣ ਕੀਤਾ ਸੀ ਪਰ ਉਸ ਨੂੰ ਇਹ ਕੰਮ ਤਿੰਨ ਮਹੀਨੇ ਬਾਅਦ ਹੁਣ ਮਿਲਿਆ ਹੈ। ਜੇਲ੍ਹ ਨਿਯਮਾਂ ਅਨੁਸਾਰ ਹਰ ਕੈਦੀ ਤੋਂ ਕੋਈ ਨਾ ਕੋਈ ਕੰਮ ਲਿਆ ਜਾਣਾ ਜ਼ਰੂਰੀ ਹੁੰਦਾ ਹੈ ਪਰ ਇਸ ਵਿਚ ਕੈਦੀ ਦੀ ਉਮਰ ਅਤੇ ਸਿਹਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ।
Sajjan Kumar
ਇਸ ਕਰਕੇ ਸੱਜਣ ਕੁਮਾਰ ਨੂੰ ਸੌਖਾ ਕੰਮ ਦਿੱਤਾ ਗਿਆ ਹੈ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਮਾਲੀ ਦਾ ਕੰਮ ਦੇਣ ਤੋਂ ਪਹਿਲਾਂ ਤਰਖਾਣਾ, ਬੇਕਰੀ ਅਤੇ ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਦੇ ਕੰਮ ਦੇਣ ਬਾਰੇ ਵੀ ਵਿਚਾਰ ਹੋਈ ਸੀ। ਹੁਣ ਸੱਜਣ ਕੁਮਾਰ ਦੀਆਂ ਜੇਲ੍ਹ ਵਿਚੋਂ ਛੇਤੀ ਜ਼ਮਾਨਤ ਉੱਤੇ ਆਉਣ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ ਕਿਉਂਕਿ ਸੁਪਰੀਮ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਅਗਸਤ ਮਹੀਨੇ ਵਿਚ ਪਾ ਦਿੱਤੀ ਹੈ।
ਸੱਜਣ ਕੁਮਾਰ ਇਸ ਸਮੇਂ ਮੰਡੋਲੀ ਦੀ ਜੇਲ੍ਹ ਵਿਚ 25 ਹੋਰਨਾਂ ਕੈਦੀਆਂ ਦੇ ਨਾਲ ਵਾਰਡ ਨੰਬਰ ਤਿੰਨ ਵਿਚ ਬੰਦ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਉਹ ਆਮ ਕੈਦੀਆਂ ਵਾਂਗ ਹੀ ਛੇ ਵਜੇ ਉੱਠਦਾ ਹੈ ਤੇ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਦਾ ਹੈ। ਅਧਿਕਾਰੀਆਂ ਅਨੁਸਾਰ ਉਸ ਨੂੰ ਯੋਗ ਆਉਂਦਾ ਹੈ ਤੇ ਰੋਜ਼ਾਨਾ ਯੋਗ ਵੀ ਕਰਦਾ ਹੈ। ਉਹ ਵਧੇਰਾ ਸਮਾਂ ਅਖ਼ਬਾਰਾਂ ਪੜ੍ਹ ਕੇ ਕੱਢਦਾ ਹੈ। ਦੱਸ ਦਈਏ ਕਿ ਇੱਕ ਨਵੰਬਰ 1984 ਵਿਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ।
Mandholi jail
ਇਸ ਹਮਲੇ ਵਿਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ। 30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।
ਸੱਜਣ ਕੁਮਾਰ ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਸੀਨੀਅਰ ਆਗੂ ਹਨ, ਜਿਹੜੇ 14ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਗੁਰੂ ਰਾਧਾ ਕ੍ਰਿਸ਼ਨਾ ਸੁਸਾਇਟੀ ਤੋਂ ਬਤੌਰ ਸਮਾਜਸੇਵੀ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸੱਜਣ ਕੁਮਾਰ ਉੱਤੇ ਸਿੱਖ ਕਤਲੇਆਮ ਵਿਚ ਭੂਮਿਕਾ ਹੋਣ ਦਾ ਇਲਜ਼ਾਮ ਲਗਦਾ ਹੈ। ਇਸੇ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ।
ਸੱਜਣ ਕੁਮਾਰ ਦੀ ਕਾਂਗਰਸ ਵਿਚ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਧਰਨੇ ਵਿਚ ਜਦੋਂ 9 ਅਪ੍ਰੈਲ 2018 ਨੂੰ ਸੱਜਣ ਕੁਮਾਰ ਪਹੁੰਚੇ ਤਾਂ ਉਨ੍ਹਾਂ ਨੂੰ ਪਾਰਟੀ ਆਗੂਆਂ ਵੱਲੋਂ ਰਾਜਘਾਟ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ।