
377 ਵੋਟਾਂ ਦੇ ਫਰਕ ਨਾਲ ਜਿੱਤੀ ਚੋਣ
Kapil Sibal News: ਸੀਨੀਅਰ ਵਕੀਲ ਕਪਿਲ ਸਿੱਬਲ ਨੂੰ ਵੀਰਵਾਰ ਨੂੰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (SCBA) ਦਾ ਪ੍ਰਧਾਨ ਚੁਣਿਆ ਗਿਆ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵੀਰਵਾਰ ਨੂੰ ਹੋਈਆਂ। ਸਿੱਬਲ ਤੋਂ ਇਲਾਵਾ ਸੀਨੀਅਰ ਵਕੀਲ ਆਦਿਸ਼ ਸੀ. ਅਗਰਵਾਲ, ਪ੍ਰਦੀਪ ਕੁਮਾਰ ਰਾਏ, ਪ੍ਰਿਆ ਹਿੰਗੋਰਾਨੀ, ਤ੍ਰਿਪੁਰਾਰੀ ਰੇਅ ਅਤੇ ਨੀਰਜ ਸ੍ਰੀਵਾਸਤਵ ਐਸਸੀਬੀਏ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਸਨ।
ਸਿੱਬਲ ਨੂੰ 1066 ਵੋਟਾਂ ਮਿਲੀਆਂ, ਜਦਕਿ ਅਗਲੇ ਦਾਅਵੇਦਾਰ ਸੀਨੀਅਰ ਵਕੀਲ ਪ੍ਰਦੀਪ ਰਾਏ ਨੂੰ 689 ਵੋਟਾਂ ਮਿਲੀਆਂ। ਮੌਜੂਦਾ ਪ੍ਰਧਾਨ ਸੀਨੀਅਰ ਐਡਵੋਕੇਟ ਡਾਕਟਰ ਆਦਿਸ਼ ਸੀ ਅਗਰਵਾਲਾ ਨੇ 296 ਵੋਟਾਂ ਹਾਸਲ ਕੀਤੀਆਂ (ਅੰਕੜੇ ਅਸਥਾਈ ਹਨ)। ਹਾਰਵਰਡ ਲਾਅ ਸਕੂਲ ਤੋਂ ਗ੍ਰੈਜੂਏਟ ਸਿੱਬਲ, 1989-90 ਦੌਰਾਨ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸਨ। ਉਨ੍ਹਾਂ ਨੂੰ 1983 ਵਿਚ ਸੀਨੀਅਰ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਸੀ।
ਸਿੱਬਲ, ਜੋ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਵਿਚ ਮੰਤਰੀ ਸਨ, ਨੇ 1995 ਤੋਂ 2002 ਦਰਮਿਆਨ ਤਿੰਨ ਵਾਰ ਐਸਸੀਬੀਏ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਸੀ। ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਚੋਣ ਨੂੰ ਉਦਾਰਵਾਦੀ ਤੇ ਜਮਹੂਰੀ ਤਾਕਤਾਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਹ ਦੇਸ਼ ਵਿਚ ਬਹੁਤ ਜਲਦੀ ਹੋਣ ਜਾ ਰਹੀਆਂ ਵੱਡੀਆਂ ਤਬਦੀਲੀਆਂ ਦਾ ‘ਟਰੇਲਰ’ ਹੈ।
(For more Punjabi news apart from Senior Advocate Kapil Sibal Elected As President Of Supreme Court Bar Association, stay tuned to Rozana Spokesman)