
ਇਹ ਰੈਸਟੋਰੈਂਟ ਹਰਿਆਣਾ ਦੇ ਕਰਨਾਲ ਵਿੱਚ ਸੋਮਵਾਰ (17 ਅਕਤੂਬਰ) ਨੂੰ ਦੁਪਹਿਰ 2 ਵਜੇ ਤੋਂ ਬਾਅਦ ਲੋਕਾਂ ਲਈ ਖੁੱਲ੍ਹਣ ਜਾ ਰਿਹਾ ਹੈ।
ਅੰਬਾਲਾ - 'ਡ੍ਰਾਈ ਫ਼ਰੂਟ ਮਿਲਕ ਸ਼ੇਕ', 'ਕੇਸਰ ਮਿਲਕ' ਤੋਂ ਲੈ ਕੇ 'ਗ੍ਰੇਟ ਖਲੀ ਪੰਜਾਬੀ ਥਾਲ਼ੀ' ਅਤੇ 'ਕਿੰਗ-ਸਾਈਜ਼ ਖਲੀ ਪਰਾਂਠਾ' ਤੱਕ - 'ਦਿ ਗ੍ਰੇਟ ਖਲੀ ਢਾਬਾ' ਦੇ ਮੀਨੂ 'ਤੇ ਇੱਕ ਨਜ਼ਰ ਪੈਂਦੇ ਹੀ, ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਦੇ ਸਾਬਕਾ ਸੁਪਰ ਸਟਾਰ ਗ੍ਰੇਟ ਖਲੀ ਵੱਲੋਂ ਕਮਾਇਆ ਨਾਂਅ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਕਮਾਇਆ ਪਿਆਰ ਤੁਹਾਡੇ ਚੇਤਿਆਂ 'ਚ ਆਪ ਮੁਹਾਰੇ ਆਕਾਰ ਲੈਣ ਲੱਗਦਾ ਹੈ।
WWE ਦੇ ਸਾਬਕਾ ਪਹਿਲਵਾਨ, ਸਾਬਕਾ ਪੰਜਾਬ ਪੁਲਿਸ ਅਧਿਕਾਰੀ, ਅਤੇ ਮੌਜੂਦਾ ਸਮੇਂ 'ਚ ਇੱਕ ਭਾਜਪਾ ਆਗੂ - ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ, ਹੁਣ 'ਦ ਗ੍ਰੇਟ ਖਲੀ ਢਾਬਾ' ਦੇ ਨਾਂਅ ਤਹਿਤ ਖੁੱਲਣ ਜਾ ਰਹੇ ਇੱਕ ਰੈਸਟੋਰੈਂਟ ਨਾਲ ਹੁਣ ਨਵਾਂ ਸਿਰਲੇਖ ਹਾਸਲ ਕਰਨ ਲਈ ਵੀ ਤਿਆਰ ਹੈ। ਇਹ ਰੈਸਟੋਰੈਂਟ ਹਰਿਆਣਾ ਦੇ ਕਰਨਾਲ ਵਿੱਚ ਸੋਮਵਾਰ (17 ਅਕਤੂਬਰ) ਨੂੰ ਦੁਪਹਿਰ 2 ਵਜੇ ਤੋਂ ਬਾਅਦ ਲੋਕਾਂ ਲਈ ਖੁੱਲ੍ਹਣ ਜਾ ਰਿਹਾ ਹੈ।
ਇਸ ਦੇ ਮੀਨੂ 'ਤੇ ਇੱਕ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਇਸ ਰੈਸਟੋਰੈਂਟ ਦਾ ਸੰਕਲਪ, 7 ਫੁੱਟ ਲੰਬੇ ਵਿਸ਼ਵ ਪ੍ਰਸਿੱਧ ਪਹਿਲਵਾਨ ਖਲੀ ਦੀ ਸ਼ਖ਼ਸੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਇਸ ਢਾਬੇ ਦੀ ਸ਼ੁਰੂਆਤ ਤੋਂ ਬਾਅਦ, ਗ੍ਰੇਟ ਖਲੀ ਦਾ ਨਾਂਅ ਅਭਿਨੇਤਾ ਧਰਮਿੰਦਰ, ਪ੍ਰਿਅੰਕਾ ਚੋਪੜਾ, ਸ਼ਿਲਪਾ ਸ਼ੈੱਟੀ, ਕ੍ਰਿਕੇਟਰ ਕਪਿਲ ਦੇਵ, ਵਿਰਾਟ ਕੋਹਲੀ, ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਵਰਗੀਆਂ ਮਸ਼ਹੂਰ ਹਸਤੀਆਂ ਅਤੇ ਅਥਲੀਟਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਭੋਜਨ ਨਾਲ ਜੁੜੇ ਵਪਾਰ 'ਚ ਕਦਮ ਵਧਾਏ, ਅਤੇ ਆਪਣੇ-ਆਪਣੇ ਪੇਸ਼ਿਆਂ ਵਿੱਚ ਅਪਾਰ ਕਾਮਯਾਬੀ ਤੋਂ ਬਾਅਦ ਭੋਜਨ ਦੇ ਕਾਰੋਬਾਰੀ ਅਤੇ ਰੈਸਟੋਰੈਂਟ ਮਾਲਕ ਬਣੇ।
ਹੁਣ ਆਉਂਦਾ ਹੈ ਕਹਾਣੀ ਦਾ ਲੁਕਵਾਂ ਮੋੜ। ਖਲੀ ਦਾ ਢਾਬਾ ਸਿਰਫ਼ ਇੱਕ ਢਾਬਾ ਨਹੀਂ, ਇਹ ਇੱਕ ਢਾਬੇ ਅਤੇ ਸਪੋਰਟਸ ਅਕੈਡਮੀ ਦਾ ਨਿਵੇਕਲਾ ਸੰਗਮ ਹੈ, ਜੋ ਸ਼ਾਇਦ ਪੰਜਾਬ ਅਤੇ ਹਰਿਆਣਾ ਸਮੇਤ ਇਸ ਖੇਤਰ ਵਿੱਚ ਆਪਣੀ ਕਿਸਮ ਦਾ ਪਹਿਲਾ ਅਦਾਰਾ ਹੈ। 10 ਏਕੜ ਵਿੱਚ ਫ਼ੈਲੇ ਇਸ ਪੂਰੇ ਕੰਪਲੈਕਸ ਵਿੱਚ ਲਾਈਵ ਮੈਚਾਂ ਦੀ ਮੇਜ਼ਬਾਨੀ ਲਈ ਇੱਕ ਪੇਸ਼ੇਵਰ ਕੁਸ਼ਤੀ ਰਿੰਗ ਵੀ ਹੈ, ਜਿਸ ਦਾ ਦਰਸ਼ਕ ਭੋਜਨ ਕਰਦੇ ਸਮੇਂ ਅਨੰਦ ਮਾਣ ਸਕਦੇ ਹਨ। ਢਾਬੇ ਦੇ ਨਾਲ, ਇੱਥੇ WWE ਦੇ ਪਹਿਲਵਾਨਾਂ ਵੱਲੋਂ ਨਵੇਂ ਉੱਭਰ ਰਹੇ ਪਹਿਲਵਾਨਾਂ ਨੂੰ ਸਿਖਲਾਈ ਦੇਣ ਵਾਲੀ ਗ੍ਰੇਟ ਖਲੀ ਦੀ CWE ਸਪੋਰਟਿੰਗ ਅਕੈਡਮੀ ਦਾ ਵੀ ਨਾਲ ਉਦਘਾਟਨ ਹੋਣ ਜਾ ਰਿਹਾ ਹੈ।
ਗੱਲ ਕਰਦੇ ਹੋਏ, ਗ੍ਰੇਟ ਖਲੀ ਨੇ ਕਿਹਾ ਕਿ ਫੂਡ ਬਿਜ਼ਨਸ ਵਿੱਚ ਸ਼ਾਮਲ ਹੋਣ ਦਾ ਉਸ ਦਾ ਵਿਚਾਰ ਉਸੇ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਜੋ ਉਹ ਆਪਣੀ ਜ਼ਿੰਦਗੀ ਵਿੱਚ ਨਿੱਜੀ ਤੌਰ 'ਤੇ ਅਪਣਾਉਂਦੇ ਹਨ। "ਹਰ ਕਿਸੇ ਦੀ, ਤੇ ਖ਼ਾਸ ਕਰਕੇ ਇੱਕ ਐਥਲੀਟ ਦੀ ਖੁਸ਼ੀ ਅਤੇ ਤੰਦਰੁਸਤੀ 'ਚ ਚੰਗੇ ਭੋਜਨ ਦੀ ਵੱਡੀ ਭੂਮਿਕਾ ਹੁੰਦੀ ਹੈ। ਕਿੰਗ-ਸਾਈਜ਼ ਖਲੀ ਪਰਾਂਠਾ' ਤੋਂ 'ਮਹਾਰਾਜਾ ਡੋਸਾ', 'ਪੰਜਾਬੀ ਦਾਲ ਮਖਨੀ' ਤੋਂ 'ਡ੍ਰਾਈ ਫਰੂਟਸ ਮਿਲਕ' ਤੱਕ, ਮੀਨੂ 'ਚ ਸ਼ਾਮਲ ਹਰ ਚੀਜ਼ ਉਸੇ ਖੁਰਾਕ ਦਾ ਪ੍ਰਤੀਬਿੰਬ ਹੈ ਜੋ ਮੈਂ ਨਿੱਜੀ ਤੌਰ 'ਤੇ ਆਪਣੀ ਖੁਰਾਕ ਵਿੱਚ ਮਾਣਦਾ ਹਾਂ।" ਖਲੀ ਨੇ ਕਿਹਾ ਕਿ ਜਿਹੜੇ ਵੀ ਪਕਵਾਨਾਂ ਨੂੰ 'ਦ ਗ੍ਰੇਟ ਖਲੀ' ਦਾ ਨਾਮ ਦਿੱਤਾ ਗਿਆ ਹੈ, ਉਹ ਕਿੰਗ ਸਾਈਜ਼ ਹੋਣਗੇ ਅਤੇ ਪੂਰੇ ਪਰਿਵਾਰ ਨੂੰ ਦੀ ਭੁੱਖ ਸ਼ਾਂਤ ਕਰਨ ਦੇ ਕਾਬਲ ਹੋਣਗੇ।