
ਐਡੀਸ਼ਨਲ ਸੈਸ਼ਨ ਜੱਜ ਪੁਲਸਤਿਆ ਪ੍ਰਮਾਚਲਾ ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਵਿਰੁਧ ਦਲੀਲਾਂ ਸੁਣ ਰਹੇ ਹਨ।
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ 2020 ਦੇ ਫਿਰਕੂ ਦੰਗਿਆਂ ਦੀ ਚਾਰਜਸ਼ੀਟ ‘ਅਣਮੰਨੇ ਮਨ ਨਾਲ’ ਦਾਇਰ ਕਰਨ ਤੋਂ ਬਾਅਦ ਅਗਲੇਰੀ ਜਾਂਚ ਕਰਨ ਲਈ ਸ਼ਹਿਰ ਦੀ ਪੁਲਿਸ ਦੀ ਝਾੜਝੰਬ ਕੀਤੀ ਹੈ ਅਤੇ ਸਬੰਧਤ ਅਧਿਕਾਰੀ ਨੂੰ ਲਿਖਤੀ ਸਪੱਸ਼ਟੀਕਰਨ ਨਾਲ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਐਡੀਸ਼ਨਲ ਸੈਸ਼ਨ ਜੱਜ ਪੁਲਸਤਿਆ ਪ੍ਰਮਾਚਲਾ ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਵਿਰੁਧ ਦਲੀਲਾਂ ਸੁਣ ਰਹੇ ਹਨ। ਇਸ ਮਾਮਲੇ ਦੇ ਸਬੰਧ ’ਚ ਗੋਕੁਲਪੁਰੀ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਅਦਾਲਤ ਨੇ ਨੋਟ ਕੀਤਾ ਕਿ ਮੁਢਲੇ ਤੌਰ ’ਤੇ ਇਸ ਮਾਮਲੇ ’ਚ 25 ਸ਼ਿਕਾਇਤਾਂ ਸ਼ਾਮਲ ਕੀਤੀਆਂ ਗਈਆਂ ਸਨ ਅਤੇ ਪਿਛਲੇ ਸਾਲ ਅਪ੍ਰੈਲ ’ਚ ਹੁਕਮ ਦਿਤਾ ਸੀ ਕਿ ਮੌਜੂਦਾ ਮਾਮਲੇ ’ਚ ਸਿਰਫ਼ 17 ਸ਼ਿਕਾਇਤਾਂ ’ਤੇ ਵਿਚਾਰ ਕੀਤਾ ਜਾਵੇਗਾ। ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀ (ਆਈ.ਓ.) ਨੇ 22 ਸ਼ਿਕਾਇਤਾਂ ਦੀ ਪੈਰਵੀ ਲਈ 17 ਮਈ, 2023 ਨੂੰ ਨਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ।
ਅਦਾਲਤ ਨੇ ਸੋਮਵਾਰ ਨੂੰ ਦਿਤੇ ਅਪਣੇ ਹੁਕਮਾਂ ’ਚ ਨੋਟ ਕੀਤਾ ਕਿ ਆਈ.ਓ. ਦਾ ਸਟੈਂਡ ਕੁਝ ਸ਼ਿਕਾਇਤਕਰਤਾਵਾਂ ਵਲੋਂ ਦਰਜ ਕੀਤੇ ਤਾਜ਼ਾ ਬਿਆਨਾਂ ’ਤੇ ਅਧਾਰਤ ਸੀ ਤਾਕਿ ਇਹ ਵਿਖਾਇਆ ਜਾ ਸਕੇ ਕਿ ਉਨ੍ਹਾਂ ਨੇ ਪਹਿਲਾਂ ਅਪਣੇ ਟਿਕਾਣਿਆਂ ’ਚ ਦੰਗਿਆਂ ਦੀਆਂ ਕਥਿਤ ਘਟਨਾਵਾਂ ਦੀਆਂ ਗਲਤ ਮਿਤੀਆਂ ਦਾ ਜ਼ਿਕਰ ਕੀਤਾ ਸੀ।
ਅਦਾਲਤ ਨੇ ਕਿਹਾ, ‘‘ਇਹ ਜਾਂਚ ’ਚ ਇਕ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਰੁਝਾਨ ਹੈ ਜਿੱਥੇ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ, ਆਈ.ਓ. ਅਪਣੀ ਮਰਜ਼ੀ ਨਾਲ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਬਾਅਦ ਦੇ ਕਿਸੇ ਮਿਤੀ ’ਤੇ ਬਿਆਨ ਦਰਜ ਕਰਦਾ ਹੈ। ਨਾਲ ਹੀ ਉਹ ਸੀ.ਆਰ.ਪੀ.ਸੀ. ਦੀ ਧਾਰਾ 173(8) ਅਧੀਨ ਕਾਨੂੰਨਾਂ ਦੀ ਅਣਦੇਖੀ ਕਰਦੇ ਹੋਏ ਅਜਿਹਾ ਕਰਦੇ ਹਨ।’’
ਸੀ.ਆਰ.ਪੀ.ਸੀ. ਦੀ ਧਾਰਾ 173(8) ਕਿਸੇ ਕੇਸ ’ਚ ਅਗਲੇਰੀ ਜਾਂਚ ਨਾਲ ਸੰਬੰਧਤ ਹੈ। ਅਦਾਲਤ ਨੇ ਕਿਹਾ ਕਿ ਤਾਜ਼ਾ ਬਿਆਨਾਂ ਅਨੁਸਾਰ, ਸ਼ਿਕਾਇਤਕਰਤਾ ਨੇ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਨਹੀਂ ਕੀਤਾ ਅਤੇ ਕਥਿਤ ਘਟਨਾਵਾਂ ਦੀ ਮਿਤੀ ਅਤੇ ਸਮਾਂ ਬਦਲਦੇ ਹੋਏ, ਉਸ ਨੇ ‘ਕੁਝ ਗੁਆਂਢੀਆਂ’ ਦਾ ਹਵਾਲਾ ਦਿਤਾ। ਅਦਾਲਤ ਨੇ ਕਿਹਾ, ‘‘ਉਹ ਗੁਆਂਢੀ ਕੌਣ ਹਨ, ਇਹ ਪਤਾ ਨਹੀਂ ਹੈ ਅਤੇ ਇਸ ਲਈ ਆਈ.ਓ. ਵਲੋਂ ਅਣਮੰਨੇ ਮਨ ਨਾਲ ਕੀਤੀ ਗਈ ਜਾਂਚ ਜ਼ਿੰਮੇਵਾਰ ਹੈ।’’ ਮਾਮਲੇ ਦੀ ਅਗਲੀ ਕਾਰਵਾਈ 20 ਨਵੰਬਰ ਲਈ ਸੂਚੀਬੱਧ ਕੀਤੀ ਗਈ ਹੈ।