
ਅਮਰੀਕੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਦਾ ਫਿਰ ਇਕ ਸੱਚ ਸਾਹਮਣੇ ਆਇਆ ਹੈ। ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੂੰ ਲੰਬੇ ਸਮੇਂ ਤੋਂ....
ਨਵੀਂ ਦਿੱਲੀ (ਭਾਸ਼ਾ) : ਅਮਰੀਕੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਦਾ ਫਿਰ ਇਕ ਸੱਚ ਸਾਹਮਣੇ ਆਇਆ ਹੈ। ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੂੰ ਲੰਬੇ ਸਮੇਂ ਤੋਂ ਪਤਾ ਸੀ ਕਿ ਉਨ੍ਹਾਂ ਵਲੋਂ ਬਣਾਏ ਜਾ ਰਹੇ ਬੇਬੀ ਪਾਊਡਰ ਵਿਚ ਹਾਨੀਕਾਰਕ ਕੈਮੀਕਲ ਐਸਬੇਸਟਸ ਮੌਜੂਦ ਹੈ। ਨਿਊਜ਼ ਏਜੰਸੀ ਰਾਈਟਰਜ਼ ਦੀ ਰਿਪੋਰਟ ਵਿਚ ਕੁੱਝ ਖ਼ੁਫ਼ੀਆ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਐ ਕਿ 1971 ਤੋਂ ਲੈ ਕੇ 2000 ਤਕ ਕੰਪਨੀ ਦੇ ਬੇਬੀ ਪਾਊਡਰ ਦੀ ਟੈਸਟਿੰਗ ਵਿਚ ਕਈ ਵਾਰ ਐਸਬੇਸਟਸ ਮਿਲਾਇਆ ਗਿਆ।
ਇਹ ਵੀ ਕਿਹਾ ਗਿਆ ਹੈ ਕਿ ਜਾਨਸਨ ਐਂਡ ਜਾਨਸਨ ਦੇ ਅਧਿਕਾਰੀਆਂ, ਪ੍ਰਬੰਧਕਾਂ, ਵਿਗਿਆਨੀਆਂ, ਡਾਕਟਰਾਂ ਅਤੇ ਵਕੀਲਾਂ ਨੂੰ ਵੀ ਪਤਾ ਸੀ ਪਰ ਉਨ੍ਹਾਂ ਨੇ ਇਹ ਗੱਲ ਛੁਪਾ ਕੇ ਰੱਖੀ। ਰਿਪੋਰਟ ਮੁਤਾਬਕ ਜਾਨਸਨ ਐਂਡ ਜਾਨਸਨ ਨੇ ਸਾਰੇ ਦੋਸ਼ਾਂ ਨੂੰ ਨਾਕਾਰਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਪਟੀਸ਼ਨਕਰਤਾਵਾਂ ਦੇ ਵਕੀਲਾਂ ਨੇ ਅਪਣੇ ਫ਼ਾਇਦੇ ਲਈ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਤਾਕਿ ਅਦਾਲਤ ਵਿਚ ਭਰਮ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਦਸ ਦਈਏ ਕਿ ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ ਵਿਚ ਹਾਨੀਕਾਰਕ ਕੈਮੀਕਲ ਹੋਣ ਦੇ ਕਈ ਵਾਰ ਦੋਸ਼ ਲੱਗ ਚੁੱਕੇ ਹਨ।
ਜੁਲਾਈ ਅਮਰੀਕੀ ਦਾ ਸੈਂਟ ਲੁਇਸ ਕੋਰਟ ਵਲੋਂ ਕੰਪਨੀ ਦੇ ਪਾਊਡਰ ਵਿਚ ਕੈਂਸਰ ਫੈਲਾਉਣ ਵਾਲਾ ਕੈਮੀਕਲ ਐਸਬੇਸਟਸ ਮਿਲਣ ਤੋਂ ਬਾਅਦ ਉਸ 'ਤੇ 4.7 ਅਰਬ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ, ਅਤੇ ਇਹ ਰਾਸ਼ੀ ਉਨ੍ਹਾਂ 22 ਔਰਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਦਿਤੀ ਗਈ, ਜਿਨ੍ਹਾਂ ਨੇ ਪਾਊਡਰ ਦੀ ਵਜ੍ਹਾ ਨਾਲ ਕੈਂਸਰ ਹੋਣ ਦਾ ਦਾਅਵਾ ਕੀਤਾ ਸੀ, ਪਰ ਹੁਣ ਇਹ ਖ਼ਬਰ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿ ਕੰਪਨੀ ਨੂੰ ਪਾਊਡਰ ਵਿਚ ਕੈਂਸਰ ਫੈਲਾਉਣ ਵਾਲਾ ਕੈਮੀਕਲ ਹੋਣ ਬਾਰੇ ਜਾਣਕਾਰੀ ਸੀ।
ਇਸ ਦੇ ਬਾਵਜੂਦ ਉਤਪਾਦਾਂ ਦੀ ਵਿਕਰੀ ਕੀਤੀ ਗਈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਜਾਨਸਨ ਐਂਡ ਜਾਨਸਨ ਇਕ ਵਾਰ ਫਿਰ ਵੱਡੇ ਵਿਵਾਦਾਂ ਵਿਚ ਫਸਦੀ ਹੋਈ ਨਜ਼ਰ ਆ ਰਹੀ ਹੈ।