
ਨੇਟੂਕਾਲਥੇਰੀ ਜੇਲ੍ਹ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਨਿੱਕਲਣ 'ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਸਵਾਗਤ ਕੀਤਾ।
ਤਿਰੁਵਨੰਤਪੁਰਮ -ਕੇਰਲ ਦੇ ਸਨਸਨੀਖੇਜ਼ ਕੱਲੂਵਥੁੱਕਲ ਨਕਲੀ ਸ਼ਰਾਬ ਕਾਂਡ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਸਾਬਕਾ ਸ਼ਰਾਬ ਠੇਕੇਦਾਰ ਚੰਦਰਨ ਉਰਫ਼ ਮਨਿਚਨ 22 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ। ਨੇਟੂਕਾਲਥੇਰੀ ਜੇਲ੍ਹ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਨਿੱਕਲਣ 'ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਸਵਾਗਤ ਕੀਤਾ।
ਮਨਿਚਨ ਨੂੰ ਉਸ ਦੀ ਰਿਹਾਈ ਸਬੰਧੀ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ ਨਿਰਦੇਸ਼ਾਂ ਦੇ ਆਧਾਰ 'ਤੇ ਰਿਹਾਅ ਕੀਤਾ ਗਿਆ। 9 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਮਨਿਚਨ ਦੀ ਪਤਨੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਸ 'ਤੇ ਲਗਾਇਆ ਗਿਆ 30.45 ਲੱਖ ਰੁਪਏ ਦਾ ਜੁਰਮਾਨਾ ਮੁਆਫ਼ ਕਰ ਦਿੱਤਾ ਸੀ। ਮਨਿਚਨ ਦੀ ਪਤਨੀ ਨੇ ਪਟੀਸ਼ਨ 'ਚ ਮਾੜੀ ਆਰਥਿਕ ਹਾਲਤ ਦਾ ਹਵਾਲਾ ਦਿੱਤਾ ਸੀ।
ਸੂਬਾ ਸਰਕਾਰ ਦੇ ਸਜ਼ਾ ਮੁਆਫ਼ੀ ਪ੍ਰੋਗਰਾਮ ਤਹਿਤ ਉਸ ਦੀ ਸਜ਼ਾ ਪਹਿਲਾਂ ਹੀ ਘਟਾਈ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਉਹ ਜੇਲ੍ਹ ਵਿਚ ਹੀ ਰਿਹਾ ਕਿਉਂਕਿ ਉਹ ਜੁਰਮਾਨੇ ਦੀ ਰਕਮ ਜਮ੍ਹਾਂ ਨਹੀਂ ਕਰਵਾ ਸਕਿਆ ਸੀ। ਮਨਿਚਨ ਨੂੰ ਉਮਰ ਕੈਦ ਦੇ ਨਾਲ-ਨਾਲ 30.45 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਹੁਣ ਤੱਕ 21 ਸਾਲ ਜੇਲ੍ਹ ਕੱਟ ਚੁੱਕਾ ਹੈ।
ਇਹ ਜ਼ਹਿਰੀਲੀ ਸ਼ਰਾਬ ਮਾਮਲਾ 21 ਅਕਤੂਬਰ 2000 ਦਾ ਹੈ। ਪੁਲਿਸ ਦੇ ਦੱਸਣ ਅਨੁਸਾਰ, ਪੀੜਤਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੋਈ, ਜੋ ਕਿ ਮਨਿਚਨ ਦੇ ਗੋਦਾਮ ਤੋਂ ਸਪਲਾਈ ਕੀਤੀ ਗਈ ਸੀ ਅਤੇ ਮੁੱਖ ਦੋਸ਼ੀ ਹੀਰੂਨਿਸਾ ਵੱਲੋਂ ਚਲਾਈ ਜਾ ਰਹੀ ਸ਼ਰਾਬ ਦੀ ਦੁਕਾਨ ਤੋਂ ਵੇਚੀ ਗਈ ਸੀ।