
ਇਹ ਦੇਸ਼ ਸਾਡਾ ਹੈ ਤੇ ਅਸੀਂ ਇਸ ਨੂੰ ਵਿਕਣ ਨਹੀਂ ਦੇਵਾਂਗੇ- ਮਹਿਲਾ ਕਿਸਾਨ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਮੋਰਚੇ ‘ਤੇ ਡਟੇ ਕਿਸਾਨਾਂ ਵੱਲੋਂ ਅੱਜ ਮਹਿਲਾ ਕਿਸਾਨ ਦਿਵਸ ਮਨਾਉਣ ਦਾ ਐਲ਼ਾਨ ਕੀਤਾ ਗਿਆ ਹੈ। ਇਸ ਦੇ ਚਲਦਿਆਂ ਕਿਸਾਨ ਬੀਬੀਆਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਜ਼ੋਰਾਂ ਸ਼ੋਰਾਂ ਨਾਲ ਵਿਰੋਧ ਕੀਤਾ।
Women Farmer
ਮੋਰਚੇ ਨੂੰ ਸੰਬੋਧਨ ਕਰਦਿਆਂ ਇਕ ਕਿਸਾਨ ਬੀਬੀ ਨੇ ਜੋਸ਼ੀਲੇ ਅੰਦਾਜ਼ ਵਿਚ ਬਾਰਡਰਾਂ ‘ਤੇ ਡਟੇ ਕਿਸਾਨਾਂ, ਬਜ਼ੁਰਗਾਂ ਦੇ ਔਰਤਾਂ ਦੇ ਹੌਂਸਲੇ ਨੂੰ ਸਲਾਮ ਕੀਤਾ। ਉਹਨਾਂ ਨੇ ਕਿਸਾਨ ਅੰਦੋਲਨ ਨੂੰ ਸਿਰ ਝੁਕਾ ਕੇ ਪ੍ਰਣਾਮ ਕੀਤਾ। ਬੀਬੀ ਨੇ ਕਿਹਾ ਕਿ ਅੱਜ ਕਿਸਾਨ 55ਵੇਂ ਦਿਨ ਵੀ ਪੂਰੇ ਜੋਸ਼ ਨਾਲ ਡਟੇ ਹੋਏ ਹਨ। ਕੜਾਕੇ ਦੀ ਠੰਢ ਵਿਚ ਵੀ ਕਿਸਾਨ ਭਰਾ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਲੈ ਕੇ ਜਾ ਰਹੇ ਹਨ।
Women Farmer
ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਵਿਚ ਹਿੰਮਤ ਹੈ ਤਾਂ ਉਹ ਬਾਰਡਰ ‘ਤੇ ਆਉਣ ਤੇ ਮੋਰਚੇ ਵਿਚ ਡਟੀਆਂ ਭੈਣਾਂ ਦੇ ਹੌਂਸਲੇ ਨੂੰ ਦੇਖਣ, ਉਹ ਆ ਕੇ ਦੇਖਣ ਕਿ ਰੋਟੀ ਕਿਵੇਂ ਬਣਦੀ ਹੈ। ਸਰਕਾਰ ਕਿਸਾਨਾਂ ਦੀ ਰੋਟੀ ਖੋਹ ਕੇ ਕਾਰਪੋਰੇਟ ਸੈਕਟਰ ਨੂੰ ਵੇਚਣਾ ਚਾਹ ਰਹੀ ਹੈ। ਚਾਹੇ ਕੁਝ ਵੀ ਹੋ ਜਾਵੇ ਅਸੀਂ ਅਪਣੇ ਖੇਤ ਤੇ ਰੋਟੀ ਹੋਰ ਹੱਥਾਂ ਵਿਚ ਨਹੀਂ ਜਾਣ ਦਵਾਂਗੇ। ਅਸੀਂ ਇਹੀ ਸੰਕਲਪ ਲੈ ਕੇ ਬੈਠੇ ਹਾਂ।
Women Farmer
ਮਹਿਲਾ ਨੇ ਕਿਹਾ ਕਿ ਸਾਡੇ ਭਰਾ ਭਗਤ ਸਿੰਘ ਦੀ ਵਿਰਾਸਤ ਹਨ, ਜਿਸ ਭਗਤ ਸਿੰਘ ਨੇ ਦੇਸ਼ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ, ਉਸ ਦੀਆਂ ਭੈਣਾਂ ਨੂੰ ਸਰਕਾਰ ਕੀ ਚੁਣੌਤੀ ਦੇ ਸਕਦੀ ਹੈ? ਉਹਨਾਂ ਕਿਹਾ ਕਿ ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਕਈ ਯੋਜਨਾਵਾਂ ਬਣਾ ਰਹੀ ਹੈ। ਕਿਸਾਨੀ ਸੰਘਰਸ਼ ਨੂੰ ਵੀ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ। ਮਹਿਲਾ ਨੇ ਕਿਹਾ ਇਹ ਦੇਸ਼ ਸਾਡਾ ਹੈ ਤੇ ਸਾਡੇ ਕੋਲੋਂ ਸਾਡਾ ਦੇਸ਼ ਕੋਈ ਨਹੀਂ ਖੋਹ ਸਕਦਾ। ਤੁਸੀਂ ਸਾਨੂੰ ਅੱਤਵਾਦੀ ਨਹੀਂ ਕਹਿ ਸਕਦੇ।