
ਸਰਕਾਰ ਨੇ ਵੀਡੀਓ ਦੇਖਣ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਡਰਾਈਵਰ ਨੂੰ ਮੁਅੱਤਲ ਕਰ ਦਿੱਤਾ ਹੈ।
ਨਵੀਂ ਦਿੱਲੀ: ਮਹਿਲਾ ਯਾਤਰੀਆਂ ਲਈ ਬੱਸ ਨਾ ਰੋਕਣ ਵਾਲੇ ਡਰਾਈਵਰ ਦੀ ਨੌਕਰੀ ਚਲੀ ਗਈ ਹੈ। ਦਰਅਸਲ, ਇਹ ਮਾਮਲਾ ਦਿੱਲੀ ਦਾ ਹੈ, ਜਿੱਥੇ ਔਰਤਾਂ ਲਈ ਬੱਸ ਸਫ਼ਰ ਮੁਫ਼ਤ ਹੈ ਇਸ ਦੌਰਾਨ ਮਹਿਲਾ ਯਾਤਰੀਆਂ ਲਈ ਬੱਸ ਨਾ ਰੋਕਣ ਦੀ ਇਖ ਵੀਡੀਓ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਸਰਕਾਰ ਨੇ ਵੀਡੀਓ ਦੇਖਣ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਡਰਾਈਵਰ ਨੂੰ ਮੁਅੱਤਲ ਕਰ ਦਿੱਤਾ ਹੈ।
ਵੀਡੀਓ 'ਚ ਦਿਖਾਇਆ ਗਿਆ ਹੈ ਕਿ ਜਦੋਂ ਬੱਸ ਇਕ ਯਾਤਰੀ ਨੂੰ ਉਤਾਰਨ ਲਈ ਬੱਸ ਸਟਾਪ 'ਤੇ ਰੁਕਦੀ ਹੈ ਤਾਂ ਤਿੰਨ ਔਰਤਾਂ ਬੱਸ 'ਚ ਚੜ੍ਹਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਡਰਾਈਵਰ ਮਹਿਲਾਵਾਂ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਉੱਥੋਂ ਚਲਾ ਜਾਂਦਾ ਹੈ। ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਪੀਟੀਆਈ ਨੇ ਕਿਹਾ ਕਿ ਬੱਸ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਡਰਾਈਵਰ ਮਹਿਲਾ ਯਾਤਰੀਆਂ ਲਈ ਬੱਸ ਨਹੀਂ ਰੋਕਦੇ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਇਕ ਟਵੀਟ 'ਚ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਕੁਝ ਡਰਾਈਵਰ ਔਰਤਾਂ ਨੂੰ ਦੇਖ ਕੇ ਬੱਸ ਨਹੀਂ ਰੋਕਦੇ, ਕਿਉਂਕਿ ਔਰਤਾਂ ਦੀ ਯਾਤਰਾ ਮੁਫਤ ਹੁੰਦੀ ਹੈ। ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਮਰਦ ਅਤੇ ਮਹਿਲਾ ਬੱਸ ਡਰਾਈਵਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਿਰਧਾਰਤ ਸਟਾਪ 'ਤੇ ਬੱਸ ਨੂੰ ਰੋਕ ਦੇਣ।
ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਘਟਨਾਵਾਂ ਦਾ ਵੀਡੀਓ ਬਣਾ ਕੇ ਸਰਕਾਰ ਨਾਲ ਸਾਂਝਾ ਕਰਨ। ਉਨ੍ਹਾਂ ਦੱਸਿਆ ਕਿ ਡਰਾਈਵਰ ਤੇ ਹੋਰ ਮੁਲਾਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਵੀ ਬੱਸ ਡਰਾਈਵਰ ਵੱਲੋਂ ਇਸ ਤਰ੍ਹਾਂ ਦਾ ਵਤੀਰਾ ਅਸਵੀਕਾਰਨਯੋਗ ਹੈ।