ਕਿਹਾ, ਪ੍ਰਧਾਨ ਮੰਤਰੀ ਜਿਸ ਨੂੰ ਵੀ ਜੇਲ੍ਹ ਭੇਜਣਾ ਚਾਹੁੰਦੇ ਹਨ, ਉਸ ਨੂੰ ਭੇਜ ਦੇਣ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਅਤੇ ਆਮ ਆਦਮੀ ਪਾਰਟੀ (ਆਪ) ਦੇ ਹੋਰ ਆਗੂ 19 ਮਈ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਹੈੱਡਕੁਆਰਟਰ ਜਾਣਗੇ ‘‘ਤਾਂ ਜੋ ਪ੍ਰਧਾਨ ਮੰਤਰੀ ਜਿਸ ਨੂੰ ਵੀ ਜੇਲ੍ਹ ਭੇਜਣਾ ਚਾਹੁੰਦੇ ਹਨ, ਉਸ ਨੂੰ ਭੇਜ ਸਕਣ।’’
ਅਪਣੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਅਪਣੇ ਸਹਿਯੋਗੀ ਬਿਭਵ ਕੁਮਾਰ ਦੀ ਗ੍ਰਿਫਤਾਰੀ ਤੋਂ ਕੁੱਝ ਘੰਟਿਆਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕਹਿ ਰਹੀ ਹੈ ਕਿ ਉਹ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਅਤੇ ਦਿੱਲੀ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਵੀ ਜੇਲ੍ਹ ਭੇਜੇਗੀ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਨੇਤਾਵਾਂ ਨੂੰ ਜੇਲ੍ਹ ਭੇਜ ਕੇ ਉਨ੍ਹਾਂ ਦੀ ਪਾਰਟੀ ਨੂੰ ਦਬਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੇ ਸਿੰਘ ਵਰਗੇ ‘ਆਪ’ ਆਗੂਆਂ ਨੂੰ ਜੇਲ੍ਹ ਭੇਜਣ ਦੀ ‘ਖੇਡ’ ਖੇਡਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ, ‘‘ਮੈਂ ਕੱਲ੍ਹ ਦੁਪਹਿਰ ਅਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਭਾਜਪਾ ਦਫ਼ਤਰ ਜਾਵਾਂਗਾ ਤਾਂ ਜੋ ਪ੍ਰਧਾਨ ਮੰਤਰੀ ਜਿਸ ਨੂੰ ਵੀ ਜੇਲ੍ਹ ਭੇਜਣਾ ਚਾਹੁੰਦੇ ਹਨ, ਭੇਜ ਸਕਣ।’’
ਕੇਜਰੀਵਾਲ ਨੇ ਕਿਹਾ, ‘‘‘ਆਪ’ ਇਕ ਵਿਚਾਰ ਹੈ। ਤੁਸੀਂ ਜਿੰਨੇ ‘ਆਪ’ ਆਗੂਆਂ ਨੂੰ ਜੇਲ ’ਚ ਸੁੱਟੋਗੇ, ਦੇਸ਼ ਉਨ੍ਹਾਂ ਨਾਲੋਂ 100 ਗੁਣਾ ਜ਼ਿਆਦਾ ਨੇਤਾ ਪੈਦਾ ਕਰੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਗਲਤੀ ਇਹ ਹੈ ਕਿ ਦਿੱਲੀ ਵਿਚ ਉਸ ਦੀ ਸਰਕਾਰ ਨੇ ਚੰਗੇ ਸਕੂਲ ਬਣਾਏ, ਮੁਹੱਲਾ ਕਲੀਨਿਕ ਸਥਾਪਤ ਕੀਤੇ, ਮੁਫਤ ਇਲਾਜ ਮੁਹੱਈਆ ਕਰਵਾਇਆ ਅਤੇ ਸ਼ਹਿਰ ਵਿਚ 24 ਘੰਟੇ ਮੁਫਤ ਬਿਜਲੀ ਸਪਲਾਈ ਯਕੀਨੀ ਬਣਾਈ, ਜੋ ਭਾਜਪਾ ਨਹੀਂ ਕਰ ਸਕੀ।
ਕਥਿਤ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ’ਚ ਪ੍ਰਚਾਰ ਕਰਨ ਲਈ 1 ਜੂਨ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਉਨ੍ਹਾਂ ਨੂੰ ਆਮ ਚੋਣਾਂ ਦੇ ਆਖਰੀ ਪੜਾਅ ਤੋਂ ਇਕ ਦਿਨ ਬਾਅਦ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ ਅਤੇ ਜੇਲ੍ਹ ਵਾਪਸ ਜਾਣਾ ਹੋਵੇਗਾ।