
ਯੂਪੀ ਵਿਚ 54 ਅਤੇ ਬਿਹਾਰ ਵਿਚ 44 ਲੋਕਾਂ ਦੀ ਮੌਤ ਹੋਈ
ਬਿਹਾਰ : ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਪਿਛਲੇ 3 ਦਿਨਾਂ ਵਿਚ ਜਾਰੀ ਹੀਟਵੇਵ ਕਾਰਨ 98 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਪੀ ਵਿਚ 54 ਅਤੇ ਬਿਹਾਰ ਵਿਚ 44 ਲੋਕਾਂ ਦੀ ਮੌਤ ਹੋਈ ਹੈ।
ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿਚ 15, 16 ਅਤੇ 17 ਜੂਨ ਨੂੰ ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ਼ ਕਾਰਨ 400 ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਉਮਰ 60 ਸਾਲ ਤੋਂ ਉੱਪਰ ਹੈ। ਬਿਹਾਰ ਦੇ 11 ਜ਼ਿਲ੍ਹਿਆਂ ਵਿਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ 44 ਡਿਗਰੀ ਦੇ ਆਸਪਾਸ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉੱਤਰ-ਪੂਰਬੀ ਰਾਜਾਂ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਸਿੱਕਮ ਵਿਚ ਵੀ ਮੀਂਹ ਪੈ ਰਿਹਾ ਹੈ।
ਆਸਾਮ ਵਿਚ ਬ੍ਰਹਮਪੁੱਤਰ ਨਦੀ ਦਾ ਜਲਥਲ ਹੈ। 13 ਜ਼ਿਲ੍ਹਿਆਂ ਵਿਚ ਹੜ੍ਹ ਨਾਲ 38 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਸਿੱਕਮ ਦੇ ਤਿੰਨ ਜ਼ਿਲ੍ਹਿਆਂ ਵਿਚ ਮੀਂਹ ਪਿਆ ਹੈ।
ਚੰਗਥਾਂਗ ਵਿਚ ਸ਼ੁੱਕਰਵਾਰ ਨੂੰ ਇੱਕ ਜ਼ਮੀਨ ਖਿਸਕਣ ਨਾਲ ਰਾਸ਼ਟਰੀ ਰਾਜਮਾਰਗ ਵਹਿ ਗਿਆ, ਜਿਸ ਕਾਰਨ 3,500 ਸੈਲਾਨੀ ਫਸ ਗਏ। ਫੌਜ ਨੇ ਉਨ੍ਹਾਂ ਨੂੰ ਬਚਾ ਲਿਆ ਹੈ।
ਉੜੀਸਾ ਦੇ ਭੁਵਨੇਸ਼ਵਰ 'ਚ ਪਾਰਾ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਇੱਥੇ ਅੰਤਰ ਰਾਜ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਮਹਿਲਾ ਅਥਲੀਟ ਤੇਜਸਵਿਨੀ ਸ਼ੰਕਰ ਤੇਜ਼ ਗਰਮੀ ਕਾਰਨ ਬੇਹੋਸ਼ ਹੋ ਗਈ। ਜਦਕਿ ਹੋਰ ਖਿਡਾਰੀ ਸਿਰ 'ਤੇ ਪਾਣੀ ਪਾਉਂਦੇ ਦੇਖੇ ਗਏ।
ਬਿਹਾਰ ਵਿਚ ਮੌਸਮ ਵਿਭਾਗ ਨੇ ਲਗਾਤਾਰ ਦੂਜੇ ਦਿਨ ਗਰਮੀ ਦੀ ਲਹਿਰ ਨੂੰ ਲੈ ਕੇ 6 ਜ਼ਿਲ੍ਹਿਆਂ ਵਿਚ ਰੈੱਡ ਅਲਰਟ, 8 ਜ਼ਿਲ੍ਹਿਆਂ ਵਿਚ ਸੰਤਰੀ ਅਤੇ 4 ਜ਼ਿਲ੍ਹਿਆਂ ਵਿਚ ਪੀਲਾ ਅਲਰਟ ਜਾਰੀ ਕੀਤਾ ਹੈ। ਜਿੱਥੇ ਭੋਜਪੁਰ, ਅਰਵਾਲ, ਔਰੰਗਾਬਾਦ, ਰੋਹਤਾਸ, ਬਕਸਰ ਅਤੇ ਕੈਮੂਰ ਵਿਚ ਰੈੱਡ ਅਲਰਟ ਹੈ। ਕਈ ਜ਼ਿਲ੍ਹਿਆਂ ਵਿਚ 12ਵੀਂ ਜਮਾਤ ਤੱਕ ਦੇ ਸਕੂਲ ਅਤੇ ਆਂਗਣਵਾੜੀਆਂ 24 ਜੂਨ ਤੱਕ ਬੰਦ ਕਰ ਦਿਤੀਆਂ ਗਈਆਂ ਹਨ।