
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਹੁਣ ਸਮੇਂ ਆ ਗਿਆ ਹੈ ਕਿ ਦੁਨੀਆਂ ਚੀਨ ਦੀ ਕਮਿਊਟਿਸਟ ਪਾਰਟੀ ਵਲੋਂ
ਵਾਸ਼ਿੰਗਟਨ, 17 ਜੁਲਾਈ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਹੁਣ ਸਮੇਂ ਆ ਗਿਆ ਹੈ ਕਿ ਦੁਨੀਆਂ ਚੀਨ ਦੀ ਕਮਿਊਟਿਸਟ ਪਾਰਟੀ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਦਾ ਜਵਾਬ ਦੇਵੇ। ਪੋਂਪੀਓ ਨੇ ਕਿਹਾ ਕਿ ਦੁਨੀਆਂ ਨੂੰ ਦੱਸਣ ਤੋਂ ਬਹੁਤ ਪਹਿਲਾਂ ਹੀ ਚੀਨ ਦੀ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਣ ਬਾਰੇ ਪਤਾ ਸੀ।
ਪੋਂਪੀਓ ਨੇ ‘ਫੋਕਸ ਨਿਊਜ਼’ ਦੇ ਬਿਲ ਹੇਮਰ ਨੂੰ ਵੀਰਵਾਰ ਨੂੰ ਦਿਤੇ ਇਕ ਇੰਟਰਵੀਊ ਵਿਚ ਕਿਹਾ, ‘‘ਦਖਣੀ ਪੂਰਬੀ ਏਸ਼ੀਆ ਵਿਚ ਹੀ ਨਹੀਂ ਬਲਕਿ ਏਸ਼ੀਆ ’ਚ, ਯੂਰਪ ’ਚ ਦੇਸ਼ਾਂ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਵਲੋਂ ਪੇਸ਼ ਕੀਤੀ ਜਾ ਰਹੀ ਚੁਣੌਤੀਆਂ ਦੇ ਬਾਰੇ ਪਤਾ ਚੱਲ ਗਿਆ ਹੈ। ਅਮਰੀਕਾ ਨੇ ਵੀ ਕਾਫ਼ੀ ਲੰਮੇ ਸਮੇਂ ਤਕ ਇਸ ’ਤੇ ਗ਼ੌਰ ਨਹੀਂ ਕੀਤਾ।’’
File Photo
ਉਨ੍ਹਾਂ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਉਨ੍ਹਾਂ ਸਾਰਿਆਂ ਨੇ ਵੀ ਅਜਿਹਾ ਹੀ ਕੀਤਾ ਅਤੇ ਮੈਨੂੰ ਲਗਦਾ ਹੈ ਕਿ ਹੁਣ ਉਹ ਸਾਰੇ ਇਕ ਸਾਂਝੇ ਨਤੀਜੇ ’ਤੇ ਪਹੁੰਚੇ ਹਨ ਕਿ ਇਸ ਨੂੰ ਠੀਕ ਕਰਨ ਦਾ ਸਮਾਂ ਆ ਗਿਆ ਹੈ।’’ਪੋਂਪੀਓ ਨੇ ਕਿਹਾ, ਦੁਨੀਆ ’ਚ ਲੋਕਤੰਤਰ ਅਤੇ ਆਜ਼ਾਦੀ ਨਾਲ ਪਿਆਰ ਕਰਨ ਵਾਲੇ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਅਸੀਂ ਚੀਨ ਦੀ ਕਮਿਊਨਿਸਟ ਪਾਰਟੀ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਦਾ ਜਵਾਬ ਦਈਏ।’’
ਉਨ੍ਹਾਂ ਕਿਹਾ ਕਿ 40 ਸਾਲ ਤਕ ਲਗਾਤਾਰ ਅਮਰੀਕਾ ਹੋਰ ਪਾਸੇ ਦੇਖਦਾ ਰਿਹਾ ਅਤੇ ਚੀਨ ਨੂੰ ਅਮਰੀਕਾ ਦਾ ਫਾਇਦਾ ਚੁੱਕਣ ਦਾ ਮੌਕਾ ਦੇ ਦਿਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ‘‘ਹੁਣ ਹੋਰ ਨਹੀਂ’’। ਵਿਦੇਸ਼ ਮੰਤਰੀ ਨੇ ਕਿਹਾ ਅਮਰੀਕਾ ਨਿਰਪੱਖ, ਆਪਸੀ ਵਪਾਰਕ ਸੰਬੰਧ ਬਣਾਏਗਾ ਅਤੇ ਚੀਨੀ ਸਰਕਾਰ ਤੋਂ ਅਮਰੀਕੀਆਂ ਨਾਲ ਉਸੇ ਤਰ੍ਹਾਂ ਦਾ ਵਤੀਰਾ ਕਰਨ ਦੀ ਮੰਗ ਕਰੇਗਾ ਜਿਵੇਂ ਅਮਰੀਕਾ ਉਥੇ ਜਾਣ ਵਾਲੇ ਲੋਕਾਂ ਨਾਲ ਕਰਦਾ ਹੈ।
ਡਬਲਿਊ.ਐਚ.ਓ ਤੇ ਚੀਨ ਨੇ ਦੁਨੀਆਂ ਕੋਲੋਂ ਮਹਾਂਮਾਰੀ ਦੀ ਜਾਣਕਾਰੀ ਲੁਕਾਈ ਪੋਂਪੀਓ ਤੋਂ ਹਾਂਗਕਾਂਗ ਆਧਾਰਿਤ ਵਾਇਰਸ ਮਾਹਰ ਦੇ ਉਸ ਦਾਅਵੇ ਬਾਰੇ ਪੁੱਛਿਆ ਗਿਆ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਬੀਜਿੰਗ ਨੂੰ ਇਸ ਵਾਇਰਸ ਦੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਣ ਦੀ ਜਾਣਕਾਰੀ ਜਨਤਕ ਕਰਨ ’ਚ ਤਿੰਨ ਹਫ਼ਤੇ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ। ਪੋਂਪੀਓ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਅਜਿਹਾ ਹੀ ਕੀਤਾ ਅਤੇ ਵਿਸ਼ਵ ਨੂੰ ਇਸ ਖ਼ਤਰੇ ਤੋਂ ਨਜਿੱਠਣ ਲਈ ਜੋ ਜਾਣਕਾਰੀ ਹਾਸਲ ਹੋਣੀ ਚਾਹੀਦੀ ਸੀ, ਉਹ ਉਸ ਨੂੰ ਨਹੀਂ ਦਿਤੀ ਗਈ। ਵਿਸ਼ਵ ’ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿਚ ਹਨ ਅਤੇ 1,37,000 ਤੋਂ ਵੱਧ ਲੋਕਾਂ ਦੀ ਇਸ ਨਾਲ ਜਾਨ ਜਾ ਚੁੱਕੀ ਹੈ।