
ਰਾਹੁਲ ਗਾਂਧੀ ਨੇ ਕਿਹਾ ਕਿ ਅਪਰਾਧੀਆਂ ਦੀ ਹਮਾਇਤ ਔਰਤਾਂ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਨਵੀਂ ਦਿੱਲੀ: ਗੁਜਰਾਤ ਦੇ ਬਿਲਕਿਸ ਬਾਨੋ ਕੇਸ ਅਤੇ ਕੁਝ ਹੋਰ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਪਰਾਧੀਆਂ ਦੀ ਹਮਾਇਤ ਔਰਤਾਂ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਇਹ ਵੀ ਸਵਾਲ ਕੀਤਾ ਕਿ ਕੀ ਉਹਨਾਂ ਨੂੰ ਅਜਿਹੀ ਰਾਜਨੀਤੀ ਕਰਨ 'ਤੇ ਸ਼ਰਮ ਨਹੀਂ ਆਉਂਦੀ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਉਨਾਓ - ਭਾਜਪਾ ਵਿਧਾਇਕ ਨੂੰ ਬਚਾਉਣ ਦਾ ਕੰਮ। ਕਠੂਆ— ਬਲਾਤਕਾਰੀਆਂ ਦੇ ਸਮਰਥਨ 'ਚ ਰੈਲੀ। ਹਾਥਰਸ— ਸਰਕਾਰ ਬਲਾਤਕਾਰੀਆਂ ਦੇ ਪੱਖ 'ਚ ਹੈ। ਗੁਜਰਾਤ - ਬਲਾਤਕਾਰੀਆਂ ਦੀ ਰਿਹਾਈ ਅਤੇ ਸਨਮਾਨ!” ਉਹਨਾਂ ਕਿਹਾ, “ਅਪਰਾਧੀਆਂ ਦਾ ਸਮਰਥਨ ਔਰਤਾਂ ਪ੍ਰਤੀ ਭਾਜਪਾ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅਜਿਹੀ ਰਾਜਨੀਤੀ 'ਤੇ ਸ਼ਰਮ ਨਹੀਂ ਆਉਂਦੀ, ਪ੍ਰਧਾਨ ਮੰਤਰੀ ਜੀ?
ਦੱਸ ਦੇਈਏ ਕਿ ਬਿਲਕਿਸ ਬਾਨੋ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ਨੂੰ ਗੋਧਰਾ ਸਬ-ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਗੁਜਰਾਤ ਸਰਕਾਰ ਨੇ ਆਪਣੀ ਮੁਆਫ਼ੀ ਨੀਤੀ ਤਹਿਤ ਇਹਨਾਂ ਦੀ ਰਿਹਾਈ ਨੂੰ ਮਨਜ਼ੂਰੀ ਦਿੱਤੀ ਸੀ। ਮੁੰਬਈ ਦੀ ਇਕ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ ਅਦਾਲਤ ਨੇ 21 ਜਨਵਰੀ 2008 ਨੂੰ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਨੂੰ ਬਾਅਦ ਵਿਚ ਬੰਬੇ ਹਾਈ ਕੋਰਟ ਨੇ ਬਰਕਰਾਰ ਰੱਖਿਆ।