
ਦੋ ਗੁਣਾ ਕਰਜ਼ਾ ਚੁਕਾਉਣ ਤੋਂ ਬਾਅਦ ਬੈਂਕ ਨੇ ਫਿਰ ਭੇਜਿਆ 2.50 ਲੱਖ ਰੁਪਏ ਦਾ ਨੋਟਿਸ
ਭੋਪਾਲ : ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਇਕ ਕਿਸਾਨ ਨੇ 13 ਸਾਲ ਪਹਿਲਾਂ ਟਰੈਕਟਰ ਖ਼ਰੀਦਣ ਲਈ ਇਲਾਹਾਬਾਦ ਬੈਂਕ ਤੋਂ ਕਰਜ਼ਾ ਲਿਆ ਸੀ। ਟਰੈਕਟਰ ਦਾ ਲੋਨ ਭਰਦਿਆਂ-ਭਰਦਿਆਂ ਕਿਸਾਨ ਦੇ ਪਰਵਾਰ ਦੀਆਂ ਦੋ ਪੀੜੀਆਂ ਖ਼ਤਮ ਹੋ ਗਈਆਂ। ਇਸ ਦੇ ਬਾਵਜੂਦ ਹਾਲੇ ਤਕ ਕਰਜ਼ਾ ਖ਼ਤਮ ਨਹੀਂ ਹੋਇਆ ਹੈ। 3.85 ਲੱਖ ਰੁਪਏ ਦਾ ਕਰਜ਼ਾ ਚੁਕਾਉਣ ਲਈ ਕਿਸਾਨ ਅਤੇ ਉਸ ਦਾ ਪਰਵਾਰ 10 ਲੱਖ ਤੋਂ ਵੱਧ ਦੀ ਰਕਮ ਦਾ ਭੁਗਤਾਨ ਕਰ ਚੁੱਕਾ ਹੈ। ਇਸ ਦੇ ਬਾਵਜੂਦ ਕਰਜ਼ਾ ਵਧਦਾ ਹੀ ਜਾ ਰਿਹਾ ਹੈ। ਹੁਣ ਫਿਰ 2.50 ਲੱਖ ਦੀ ਵਸੂਲੀ ਲਈ ਬੈਂਕ ਨੇ ਨੋਟਿਸ ਜਾਰੀ ਕੀਤਾ ਹੈ। ਪੀੜਤ ਕਿਸਾਨ ਦਾ ਪਰਵਾਰ ਪ੍ਰੇਸ਼ਾਨ ਹੈ। ਘਰ 'ਚ ਰੋਟੀ ਖਾਣ ਲਈ ਵੀ ਪੈਸੇ ਨਹੀਂ ਹਨ।
Satna : Farmer family lost in repaying bank debt
ਸਤਨਾ ਜ਼ਿਲ੍ਹੇ ਦੇ ਛਿਬੌਰਾ ਵਾਸੀ ਰਾਮਚਰਨ ਪਟੇਲ ਨੇ ਸਾਲ 2006 ਵਿਚ ਇਲਾਹਾਬਾਦ ਬੈਂਕ ਦੀ ਚੋਰਮਾਰੀ ਸ਼ਾਖਾ ਤੋਂ 3 ਲੱਖ 85 ਹਜ਼ਾਰ ਦਾ ਕਰਜ਼ਾ ਲਿਆ ਸੀ। 12 ਸਾਲਾਂ 'ਚ 10 ਲੱਖ 5 ਹਜ਼ਾਰ 520 ਰੁਪਏ ਬੈਂਕ 'ਚ ਜਮਾਂ ਕਰਵਾ ਦਿਤੇ ਪਰ ਲੋਨ ਖ਼ਤਮ ਨਾ ਹੋਇਆ। ਕਿਸਾਨ ਰਾਮਚਰਨ ਅਤੇ ਉਨ੍ਹਾਂ ਦਾ ਪੁੱਤਰ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੋਏ ਅਤੇ ਸਾਲ 2018 ਵਿਚ ਦੋਹਾਂ ਦੀ ਇਲਾਜ ਦੀ ਕਮੀ ਕਾਰਨ ਮੌਤ ਹੋ ਗਈ। ਪਰਵਾਰ ਭੁਖਮਰੀ ਦੇ ਕੰਢੇ 'ਤੇ ਪੁੱਜ ਚੁੱਕਾ ਹੈ, ਪਰ ਕਰਜ਼ਾ ਵੱਧ ਕੇ 2.50 ਲੱਖ ਰੁਪਏ ਤਕ ਪਹੁੰਚ ਗਿਆ ਹੈ। ਬੈਂਕ ਨੇ ਕਰਜ਼ ਵਸੂਲੀ ਲਈ ਫਿਰ ਤੋਂ ਨੋਟਿਸ ਜਾਰੀ ਕੀਤਾ ਹੈ। ਅਜਿਹੇ 'ਚ ਕਿਸਾਨ ਦਾ ਪਰਵਾਰ ਪ੍ਰੇਸ਼ਾਨ ਹੈ। ਘਰ 'ਚ ਖਾਣ-ਪੀਣ ਲਈ ਰਾਸ਼ਨ ਆਦਿ ਵੀ ਨਹੀਂ ਹੈ। ਹਾਲਾਤ ਇਹ ਹਨ ਕਿ ਕਿਸਾਨ ਦੀ ਨੂੰਹ ਕੈਂਸਰ ਦਾ ਇਲਾਜ ਨਹੀਂ ਕਰਵਾ ਪਾ ਰਹੀ। ਬੱਚੇ ਪੜ੍ਹਾਈ ਛੱਡ ਕੇ ਮਜ਼ਦੂਰੀ ਕਰ ਰਹੇ ਹਨ।
Satna : Farmer family lost in repaying bank debt
ਕਿਸਾਨ ਰਾਮਚਰਨ ਅਧਿਆਪਕ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੀ ਮੌਤ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੇ ਬਾਵਜੂਦ ਅੱਜ ਤਕ ਉਨ੍ਹਾਂ ਦੀ ਵਿਧਵਾ ਪਤਨੀ ਦੀ ਪੈਨਸ਼ਨ ਨੂੰ ਮਨਜੂਰੀ ਨਹੀਂ ਮਿਲੀ ਹੈ। ਅਜਿਹੇ 'ਚ ਇਸ ਕਿਸਾਨ ਦੀ ਤੀਜੀ ਪੀੜੀ ਕਰਜ਼ੇ ਲਈ ਪ੍ਰੇਸ਼ਾਨ ਹੈ। ਰਾਮਚਰਨ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਇਕ ਚਿੱਠੀ ਲਿਖ ਕੇ ਬੈਂਕ ਪ੍ਰਬੰਧਕ ਨੂੰ ਕਰਜ਼ਾ ਮਾਫ਼ ਕਰਨ ਦੀ ਅਪੀਲ ਵੀ ਕੀਤੀ ਸੀ।
Satna : Farmer family lost in repaying bank debt
ਕਮਲਨਾਥ ਸਰਕਾਰ ਨੇ ਕਿਸਾਨਾਂ ਦਾ ਕਰਜ਼ਾਂ ਤਾਂ ਮਾਫ਼ ਕਰ ਦਿੱਤਾ ਪਰ ਖੇਤੀ ਮਸ਼ੀਨਰੀ ਲਈ ਲਏ ਗਏ ਕਰਜ਼ੇ ਨੂੰ ਇਸ ਮਾਫ਼ੀ ਯੋਜਨਾ 'ਚ ਸ਼ਾਮਲ ਨਹੀਂ ਕੀਤਾ ਸੀ। ਅਜਿਹੇ 'ਚ ਕਿਸਾਨ ਪਰਵਾਰ ਸਿਰਫ਼ ਇਸ ਉਮੀਦ 'ਚ ਸੀ ਕਿ ਸ਼ਾਇਦ ਉਸ ਨੂੰ ਵੀ ਦੁਗਣੇ ਕਰਜ਼ੇ ਦੀ ਰਕਮ ਦੇਣ ਤੋਂ ਰਾਹਤ ਮਿਲ ਜਾਵੇ।