
ਸਰਕਾਰ ਦੀਆਂ ਨੀਤੀਆਂ ਕਾਰਨ ਦੁਨੀਆਂ ਵਿਚ ਭਾਰਤ ਦਾ ਮਖੌਲ ਉਡ ਰਿਹੈ
ਮਹਿੰਦਰਗੜ੍ਹ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਮੋਦੀ ਨੂੰ ਅਰਥਵਿਵਸਥਾ ਦੀ ਕੋਈ ਸਮਝ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਭਾਰਤ ਦਾ ਦੁਨੀਆਂ ਭਰ ਵਿਚ ਮਖੌਲ ਉਡ ਰਿਹਾ ਹੈ। ਉਨ੍ਹਾਂ ਹਰਿਆਣਾ ਦੇ ਮਹਿੰਦਰਗੜ੍ਹ ਵਿਚ ਚੋਣ ਰੈਲੀ ਦੌਰਾਨ ਕਿਹਾ ਕਿ ਜੇ ਦੇਸ਼ ਨੂੰ ਵੰਡਿਆ ਜਾਵੇਗਾ ਤਾਂ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਰੈਲੀ ਨੂੰ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸੰਬੋਧਤ ਕਰਨ ਵਾਲੀ ਸੀ, ਪਰ ਬੁਖ਼ਾਰ ਹੋਣ ਕਾਰਨ ਉਹ ਰੈਲੀ ਵਿਚ ਪਹੁੰਚ ਨਾ ਸਕੀ। ਰਾਹੁਲ ਨੇ ਕਿਹਾ, 'ਸੋਨੀਆ ਜੀ ਨੇ ਆਉਣਾ ਸੀ ਪਰ ਉਨ੍ਹਾਂ ਨੂੰ ਬੁਖ਼ਾਰ ਹੋ ਗਿਆ ਤੇ ਮੈਨੂੰ ਕਿਹਾ ਗਿਆ ਕਿ ਮੈਂ ਤੁਹਾਨੂੰ ਮਿਲਣ ਆਵਾਂ।'
Narendra Modi
ਉਨ੍ਹਾਂ ਦਾਅਵਾ ਕੀਤਾ, 'ਦੇਸ਼ ਦੀ ਹਾਲਤ ਤੁਹਾਡੇ ਸਾਹਮਣੇ ਹੈ, ਤੁਹਾਡੇ ਕੋਲੋਂ ਕੁੱਝ ਨਹੀਂ ਲੁਕਾਇਆ ਜਾ ਸਕਦਾ। 40 ਸਾਲਾਂ ਵਿਚ ਸੱਭ ਤੋਂ ਜ਼ਿਆਦਾ ਬੇਰੁਜ਼ਗਾਰੀ ਅੱਜ ਦੇਸ਼ ਵਿਚ ਹੈ। ਤੁਸੀਂ ਕਿਸੇ ਵੀ ਸੂਬੇ ਵਿਚ ਨੌਜਵਾਨਾਂ ਨੂੰ ਪੁੱਛੋ ਕਿ ਕੀ ਕਰਦੇ ਹੋ ਤਾਂ ਉਹ ਕਹਿੰਦੇ ਹਨ ਕਿ ਕੁੱਝ ਨਹੀਂ। ਛੋਟੇ ਅਤੇ ਦਰਮਿਆਨ ਕਾਰੋਬਾਰੀਆਂ ਨੂੰ ਪੁੱਛੋ ਕਿ ਤੁਹਾਡਾ ਕੰਮ ਕਿਵੇਂ ਚੱਲ ਰਿਹਾ ਹੈ ਤਾਂ ਉਹ ਕਹਿੰਦੇ ਹਨ ਕਿ ਨੋਟਬੰਦੀ ਅਤੇ ਗੱਬਰ ਸਿੰਘ ਟੈਕਸ ਨੇ ਸਾਨੂੰ ਬਰਬਾਦ ਕਰ ਦਿਤਾ। ਗਾਂਧੀ ਨੇ ਕਿਹਾ, 'ਮੀਡੀਆ ਵਾਲੇ 24 ਘੰਟੇ ਮੋਦੀ ਜੀ ਦਾ ਭਾਸ਼ਨ ਵਿਖਾਉਂਦੇ ਹਨ। ਕਦੇ ਤੁਸੀਂ ਵੇਖਿਆ ਕਿ ਦੇਸ਼ ਵਿਚ ਭਿਆਨਕ ਬੇਰੁਜ਼ਗਾਰੀ ਬਾਰੇ ਗੱਲ ਹੋ ਰਹੀ ਹੋਵੇ? ਕਦੇ ਵੇਖਿਆ ਕਿ ਕਿਸਾਨ ਖ਼ੁਦਕੁਸ਼ੀ ਦੀ ਗੱਲ ਕੀਤੀ ਜਾ ਰਹੀ ਹੈ। ਕਦੇ 370 ਦੀ ਗੱਲ, ਕਦੇ ਜਿਮ ਕਾਰਬਟ ਦੀ ਫ਼ਿਲਮ ਦੀ ਸ਼ੂਟਿੰਗ ਅਤੇ ਚੰਨ ਦੀ ਗੱਲ ਹੋ ਰਹੀ ਹੈ ਪਰ ਅਰਥਚਾਰੇ ਦਾ ਤਬਾਹ ਹੋਣਾ ਅਤੇ ਬੇਰੁਜ਼ਗਾਰੀ ਬਾਰੇ ਮੀਡੀਆ ਵਿਚ ਕੁੱਝ ਨਹੀਂ ਵਿਖਾਇਆ ਜਾ ਰਿਹਾ।'
Rahul Gandhi
ਉਨ੍ਹਾਂ ਦੋਸ਼ ਲਾਇਆ, 'ਨਰਿੰਦਰ ਮੋਦੀ ਦਾ ਇਕ ਕੰਮ ਦੇਸ਼ ਦਾ ਧਿਆਨ ਲਾਂਭੇ ਕਰਨਾ ਹੈ ਤਾਕਿ ਅਸਲ ਮੁੱਦਿਆਂ ਵਲ ਲੋਕ ਧਿਆਨ ਹੀ ਨਾ ਦੇ ਸਕਣ। ਮੋਦੀ ਦੇਸ਼ ਦੇ ਅਰਬਪਤੀਆਂ ਲਈ ਧਿਆਨ ਲਾਂਭੇ ਕਰਦੇ ਹਨ ਅਤੇ ਫਿਰ ਲੱਖਾਂ ਕਰੋੜਾਂ ਰੁਪਏ ਹਿੰਦੁਸਤਾਨ ਦੇ ਆਮ ਲੋਕਾਂ ਤੋਂ ਲੈ ਕੇ ਉਦਯੋਗਪਤੀਆਂ ਨੂੰ ਦਿੰਦੇ ਹਨ।' ਗਾਂਧੀ ਨੇ ਕਿਹਾ, 'ਭਾਜਪਾ ਨੇ ਹਰਿਆਣਾ ਵਿਚ ਕਿਹਾ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਵਾਂਗੇ ਪਰ ਕੀ ਹੋਇਆ? ਮੋਦੀ ਜੀ ਨੇ ਦੇਸ਼ ਦੇ ਕੁੱਝ ਉਦਯੋਗਪਤੀਆਂ ਦੇ ਸਾਢੇ ਪੰਜ ਲੱਖ ਕਰੋੜ ਰੁਪਏ ਮਾਫ਼ ਕਰ ਦਿਤੇ ਪਰ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂਂ ਕੀਤਾ?