
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਦਰਾਮਦ ਅਤੇ ਬਰਾਮਦ ਵਿਚ ਕਮੀ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਦੇਸ਼ ਵਿਚ ਹਰ ਮਹੀਨੇ ਹਜ਼ਾਰਾਂ ਨੌਕਰੀਆਂ ਜਾ ਰਹੀਆਂ ਹਨ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਦਰਾਮਦ ਅਤੇ ਬਰਾਮਦ ਵਿਚ ਕਮੀ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਦੇਸ਼ ਵਿਚ ਹਰ ਮਹੀਨੇ ਹਜ਼ਾਰਾਂ ਨੌਕਰੀਆਂ ਜਾ ਰਹੀਆਂ ਹਨ ਅਤੇ ਕੋਈ ਨਿਵੇਸ਼ ਵੀ ਨਹੀਂ ਆ ਰਿਹਾ। ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਵਲੋਂ ਉਸ ਦੇ ਪਰਵਾਰ ਨੇ ਟਵਿਟਰ 'ਤੇ ਇਹ ਗੱਲ ਕਹੀ।
ਚਿਦੰਬਰਮ ਨੇ ਕਿਹਾ, 'ਅਰਥਚਾਰੇ ਦੀ ਹਾਲਤ ਦਾ ਸੰਕੇਤ ਦੇਣ ਵਾਲੇ ਦੋ ਹੋਰ ਅੰਕੜੇ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਪਹਿਲਾ ਦਰਾਮਦ ਵਿਚ 13.9 ਫ਼ੀ ਸਦੀ ਦੀ ਕਮੀ ਆਈ ਹੈ। ਬਰਾਮਦ ਵਿਚ 6.6 ਫ਼ੀ ਸਦੀ ਦੀ ਕਮੀ ਆਈ ਹੈ। ਮਤਲਬ ਇਹ ਕਿ ਹਰ ਮਹੀਨੇ ਹਜ਼ਾਰਾਂ ਨੌਕਰੀਆਂ ਜਾ ਰਹੀਆਂ ਹਨ।' ਉਨ੍ਹਾਂ ਕਿਹਾ, 'ਦੂਜਾ ਇਹ ਹੈ ਕਿ ਇਸ ਸਾਲ ਮਾਰਚ ਤੋਂ ਅਗੱਸਤ ਵਿਚਾਲੇ ਬੈਂਕਾਂ ਦੁਆਰਾ ਕਰਜ਼ਾ ਦੇਣ ਵਿਚ 80 ਹਜ਼ਾਰ ਕਰੋੜ ਰੁਪਏ ਦੀ ਕਮੀ ਆਈ ਹੈ। ਇਸ ਦਾ ਮਤਲਬ ਹੈ ਕਿ ਕੋਈ ਨਿਵੇਸ਼ ਨਹੀਂ ਹੋ ਰਿਹਾ।'