
ਥੂਥੁਕੁਡੀ ’ਚ 24 ਘੰਟਿਆਂ ਦੌਰਾਨ 95 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ
ਚੇਨਈ/ਕੰਨਿਆਕੁਮਾਰੀ: ਕੰਨਿਆਕੁਮਾਰੀ, ਤਿਰੂਨੇਲਵੇਲੀ, ਥੂਥੁਕੁਡੀ ਅਤੇ ਤੇਨਕਾਸੀ ਸਮੇਤ ਦਖਣੀ ਤਮਿਲਨਾਡੂ ਦੇ ਕਈ ਹਿੱਸਿਆਂ ’ਚ ਹਾਲ ਹੀ ਦੇ ਦਿਨਾਂ ’ਚ ਭਾਰੀ ਮੀਂਹ ਪੈਣ ਕਾਰਨ ਝੋਨੇ ਦੇ ਖੇਤ, ਸੜਕਾਂ, ਰਿਹਾਇਸ਼ੀ ਇਲਾਕੇ ਅਤੇ ਪੁਲ ਪਾਣੀ ’ਚ ਡੁੱਬ ਗਏ ਹਨ। ਮੁੱਖ ਸਕੱਤਰ ਸ਼ਿਵ ਦਾਸ ਮੀਨਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਮੀਂਹ ਅਤੇ ਹੜ੍ਹ ਕਾਰਨ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੀ ਮਦਦ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਬਚਾਅ ਅਤੇ ਰਾਹਤ ਕਾਰਜਾਂ ਲਈ 84 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਸਰਕਾਰ ਨੇ 18 ਦਸੰਬਰ ਨੂੰ ਚਾਰ ਜ਼ਿਲ੍ਹਿਆਂ ’ਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।
ਅਧਿਕਾਰੀ ਨੇ ਦਸਿਆ ਕਿ ਥੂਥੁਕੁਡੀ ਅਤੇ ਸ਼੍ਰੀਵੈਕੁੰਟਮ ਅਤੇ ਕਯਾਲਪੱਟੀਮ ਵਰਗੇ ਇਲਾਕਿਆਂ ਲਈ ਵਾਧੂ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ 7,500 ਲੋਕਾਂ ਨੂੰ ਇਲਾਕੇ ਤੋਂ ਬਾਹਰ ਕਢਿਆ ਗਿਆ ਹੈ ਅਤੇ ਉਨ੍ਹਾਂ ਨੂੰ 84 ਰਾਹਤ ਕੈਂਪਾਂ ’ਚ ਰਖਿਆ ਗਿਆ ਹੈ। ਥੂਥੁਕੁਡੀ ਜ਼ਿਲ੍ਹੇ ਦੇ ਕਿਆਲਟਿਨਮ ’ਚ ਸਵੇਰੇ ਅੱਜ ਵਜੇ ਪੂਰੇ ਹੋੲੈ 24 ਘੰਟਿਆਂ ਦੌਰਾਨ 95 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਤਸਦੀਕ ਕਰਨ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਜਾਵੇਗੀ।
ਅਧਿਕਾਰੀ ਨੇ ਦਸਿਆ ਕਿ ਕਾਮਨ ਅਲਰਟ ਪ੍ਰੋਟੋਕੋਲ ਰਾਹੀਂ 62 ਲੱਖ ਲੋਕਾਂ ਨੂੰ ਐਸ.ਐਮ.ਐਸ. ਅਲਰਟ ਭੇਜੇ ਗਏ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.), ਫਾਇਰ ਅਤੇ ਬਚਾਅ ਸੇਵਾਵਾਂ ਅਤੇ ਪੁਲਿਸ ਟੀਮਾਂ ਦੇ ਕਰਮਚਾਰੀਆਂ ਨੇ ਭਾਰੀ ਹੜ੍ਹ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਬਚਾਇਆ ਅਤੇ ਸਕੂਲਾਂ ਅਤੇ ਮੈਰਿਜ ਹਾਲਾਂ ਨੂੰ ਪਨਾਹ ਦਿਤੀ।
ਦਖਣੀ ਰੇਲਵੇ ਨੇ ਕਿਹਾ ਕਿ ਤਿਰੂਨੇਲਵੇਲੀ-ਤਿਰੂਚੇਂਦੁਰ ਸੈਕਸ਼ਨ ’ਚ ਸ਼੍ਰੀਵੈਕੁੰਟਮ ਅਤੇ ਸੇਦੁੰਗਨਲੂਰ ਵਿਚਕਾਰ ਆਵਾਜਾਈ ਮੁਅੱਤਲ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਗਿੱਟੀ ਰੇਲਵੇ ਟਰੈਕ ਤੋਂ ਵਹਿ ਗਈ ਸੀ ਅਤੇ ਪਾਣੀ ਰੇਲਵੇ ਟਰੈਕਾਂ ’ਤੇ ਵਹਿ ਰਿਹਾ ਸੀ। ਰੇਲਵੇ ਨੇ ਕਿਹਾ ਕਿ ਦਖਣੀ ਖੇਤਰਾਂ ਤੋਂ ਚੱਲਣ ਵਾਲੀਆਂ ਕਈ ਰੇਲ ਸੇਵਾਵਾਂ ਪੂਰੀ ਤਰ੍ਹਾਂ ਰੱਦ ਕਰ ਦਿਤੀਆਂ ਗਈਆਂ ਹਨ, ਕੁਝ ਨੂੰ ਅੰਸ਼ਕ ਤੌਰ ’ਤੇ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਕੁਝ ਰੇਲ ਗੱਡੀਆਂ ਦਾ ਮਾਰਗ ਬਦਲ ਦਿਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਓਟਾਪੀਡਾਰਮ ਨੇੜੇ ਮਦੁਰਈ ਜਾਣ ਵਾਲੀ ਇਕ ਲਿੰਕ ਸੜਕ ਪੂਰੀ ਤਰ੍ਹਾਂ ਕੱਟ ਦਿਤੀ ਗਈ ਅਤੇ ਕੰਨਿਆਕੁਮਾਰੀ ਜ਼ਿਲ੍ਹੇ ਦੇ ਓਜੁਗਿੰਚੇਰੀ ਵਿਚ ਪਾਣੀ ਦਾ ਪੱਧਰ ਚਾਰ ਫੁੱਟ ਨੂੰ ਪਾਰ ਕਰ ਗਿਆ, ਜਿਸ ਨਾਲ ਪਝਯਾਰੂ ਨਦੀ ਵਿਚ ਪਾਣੀ ਭਰ ਗਿਆ। ਨਾਗਰਕੋਇਲ ’ਚ ਮੀਨਾਕਸ਼ੀ ਗਾਰਡਨ ਅਤੇ ਰੇਲਵੇ ਕਲੋਨੀ ਵਰਗੀਆਂ ਰਿਹਾਇਸ਼ੀ ਬਸਤੀਆਂ ਪਾਣੀ ’ਚ ਡੁੱਬ ਗਈਆਂ। ਉਨ੍ਹਾਂ ਦਸਿਆ ਕਿ ਫਾਇਰ ਐਂਡ ਰੈਸਕਿਊ ਐਂਡ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਜਵਾਨਾਂ ਨੇ ਫਸੇ ਲੋਕਾਂ ਨੂੰ ਤੁਰਤ ਬਾਹਰ ਕਢਿਆ।
ਸਟਾਲਿਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ
ਉਧਰ ਤਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਦਖਣੀ ਹਿੱਸਿਆਂ ’ਚ ਮੀਂਹ ਅਤੇ ਹੜ੍ਹ ਦੀ ਸਥਿਤੀ ’ਤੇ ਚਰਚਾ ਕਰਨ ਲਈ 19 ਦਸੰਬਰ ਨੂੰ ਉਨ੍ਹਾਂ ਨਾਲ ਮੁਲਾਕਾਤ ਦਾ ਸਮਾਂ ਮੰਗਿਆ।