
ਕਿਸਾਨ ਜਥੇਬੰਦੀਆਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਲੈ ਕੇ ਜਲਦ ਲੈਣਗੀਆਂ ਕੋਈ ਫ਼ੈਸਲਾ
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ): ਕਿਸਾਨੀ ਸੰਘਰਸ਼ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਏਸਿੰਘ ਨਗਰ ਵਿਖੇ ਵੀ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨੇ ਤੋਂ ਸ਼ਾਹਜਹਾਂ ਬਾਰਡਰ ‘ਤੇ ਬੈਠੇ ਹੋਏ ਹਨ, ਇਸ ਦੌਰਾਨ ਉਹ ਇਕ ਵਾਰ ਵੀ ਅਪਣੇ ਘਰ ਨਹੀਂ ਗਏ।
Farmers Protest
ਉਹਨਾਂ ਦਾ ਕਹਿਣਾ ਹੈ ਕਿ ਉਹ ਇੱਥੇ ਅਪਣਾ ਘਰ ਬਚਾਉਣ ਲਈ ਬੈਠੇ ਹਨ ਤੇ ਇਕ ਸੰਗਠਨ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸੰਘਰਸ਼ ਵਿਚ ਰਹਿਣ। ਗੱਲਬਾਤ ਦੌਰਾਨ ਉਹਨਾਂ ਨੇ ਸੰਕੇਤ ਦਿੱਤਾ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ।
Ranjit Singh
ਉਹਨਾਂ ਅੱਗੇ ਕਿਹਾ ਕਿ ਸੰਘਰਸ਼ ਵਿਚ ਕੋਈ ਵੀ ਆਮ ਜਾਂ ਖਾਸ ਵਿਅਕਤੀ ਸ਼ਾਮਲ ਹੈ, ਉਸ ਦਾ ਬਚਾਅ ਕਰਨਾ ਤੇ ਉਸ ਦੇ ਨਾਲ ਖੜ੍ਹਨਾ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਨੂੰ ਦੁਸ਼ਮਣਾਂ ਦੀ ਪਛਾਣ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਵਿਚਕਾਰ ਹੀ ਹਨ। ਕਿਸਾਨ ਜਥੇਬੰਦੀਆਂ ‘ਤੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਗੱਲ ਕਰਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਜਗਰਾਓਂ ਵਿਖੇ ਹੋਈ ਮਹਾਂਪੰਚਾਇਤ ਵਿਚ ਪੰਜਾਬ ਦੀ ਜਤਨਾ ਨੇ ਇਹਨਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ।
Farmers Protest
26 ਜਨਵਰੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਸ ਦਿਨ ਸਰਕਾਰ ਵੱਲੋਂ ਘਟੀਆ ਚਾਲ ਚੱਲੀ ਗਈ। ਜਦੋਂ ਲਾਲ ਕਿਲ੍ਹੇ ‘ਤੇ ਹਿੰਸਾ ਹੋਈ, ਉਸ ਤੋਂ ਅਗਲੇ ਦਿਨ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਸਰਕਾਰ ਵੱਲ਼ੋਂ ਇਸ ਅੰਦੋਲਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਦੇਣ ਲਈ ਦੇਸ਼ ਭਰ ਵਿਚ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ।