
ਸ੍ਰੀ ਪਵਾਰ ਨੇ ’ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਵੀ ਮੁਲਾਕਾਤ ਕੀਤੀ
ਨਵੀਂ ਦਿੱਲੀ- ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਚੋਣ ਗੱਠਜੋੜ ਕਰਵਾਉਣ ਲਈ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਸਰਗਰਮ ਹੋ ਗਏ ਹਨ। ਉਹ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ’ਆਪ’ ਮੁਖੀ ਅਰਵਿੰਦ ਕੇਜਰੀਵਾਲ ਵਿਚਾਲੇ ਮੁੱਖ ਸੂਤਰਧਾਰ ਬਣਨਗੇ। ਸ੍ਰੀ ਪਵਾਰ ਨੇ ’ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਵੀ ਮੁਲਾਕਾਤ ਕੀਤੀ।
ਇੱਕ ਕਾਂਗਰਸੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨਾਲ ਸ਼ਰਦ ਪਵਾਰ ਹੁਰਾਂ ਦੀ ਰਿਹਾਇਸ਼ਗਾਹ ’ਤੇ ਗਏ। ਉਨ੍ਹਾਂ ਮਹਾਰਾਸ਼ਟਰ ਵਿਚ ਕਾਂਗਰਸ ਤੇ ਐੱਨਸੀਪੀ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਕੀਤੀ ਕਿਉਂਕਿ ਉੱਥੇ ਦੋਵੇਂ ਪਾਰਟੀਆਂ ਦਾ ਗੱਠਜੋੜ ਹੈ। ਉਸ ਤੋਂ ਬਾਅਦ ਗੱਲਬਾਤ ਦਿੱਲੀ ਉੱਤੇ ਆ ਕੇ ਕੇਂਦ੍ਰਿਤ ਹੋ ਗਈ। ਹਾਲੇ ਤੁਰੰਤ ਇਹ ਪਤਾ ਨਹੀਂ ਲੱਗ ਸਕਿਆ ਕਿ ਸ੍ਰੀ ਪਵਾਰ ਇਸ ਮਾਮਲੇ ਵਿਚ ਕਿੱਥੇ ਕੁ ਤੱਕ ਜਾਣਗੇ।
ਕਾਂਗਰਸ ਨੇ ਹਾਲੇ ਇਸ ਬਾਰੇ ਅਧਿਕਾਰਤ ਤੌਰ ਉੱਤੇ ਕੁਝ ਨਹੀਂ ਕਿਹਾ ਹੈ। ’ਆਪ’ ਦੇ ਸੰਜੇ ਸਿੰਘ ਨੇ ਵੀ ਸ੍ਰੀ ਪਵਾਰ ਨਾਲ ਹੋਈ ਗੱਲਬਾਤ ਦੇ ਵੇਰਵੇ ਨਹੀਂ ਦਿੱਤੇ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਇਹ ਦੇਸ਼ ਨੂੰ ਬਚਾਉਣ ਦਾ ਵੇਲਾ ਹੈ। ਇਹ ਕੋਈ ਕਿਸੇ ਇੱਕ ਪਾਰਟੀ ਵਿਚਾਲੇ ਹੋ ਰਹੀਆਂ ਮਹਿਜ਼ ਗੱਲਾਂ ਨਹੀਂ ਹਨ। ਬੀਤੇ ਫ਼ਰਵਰੀ ਮਹੀਨੇ ਵੀ ਸ੍ਰੀ ਸ਼ਰਦ ਯਾਦਵ ਨੇ ਅਜਿਹਾ ਯਤਨ ਕੀਤਾ ਸੀ; ਜਦੋਂ ਉਨ੍ਹਾਂ ਸ੍ਰੀ ਰਾਹੁਲ ਗਾਂਧੀ ਤੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਵਿਚ ਰਾਤ ਦੇ ਖਾਣੇ ਲਈ ਸੱਦਿਆ ਸੀ ਤੇ ਇੱਕੋ ਕਮਰੇ ਵਿਚ ਬਹਿ ਕੇ ਗੱਲਬਾਤ ਵੀ ਕੀਤੀ ਸੀ। ਤਦ ਵੀ ਕਾਂਗਰਸ ਤੇ ’ਆਪ’ ਵਿਚਾਲੇ ਹੱਥ ਮਿਲਾਉਣ ਬਾਰੇ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਗਏ ਸਨ।