
ਅਪਣੇ ਦੇਸ਼ ਦੇ ਦੂਜੇ ਸੂਬਿਆਂ ਵਿਚ ਫਸੇ ਪਰਵਾਸੀਆਂ ਦੀ ਬੇਸਬਰੀ ਨੂੰ ਦੇਖਦੇ ਹੋਏ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਕਠਿਨ ਨਹੀਂ ਹੋਵੇਗਾ
ਨਵੀਂ ਦਿੱਲੀ, 18 ਮਈ : ਅਪਣੇ ਦੇਸ਼ ਦੇ ਦੂਜੇ ਸੂਬਿਆਂ ਵਿਚ ਫਸੇ ਪਰਵਾਸੀਆਂ ਦੀ ਬੇਸਬਰੀ ਨੂੰ ਦੇਖਦੇ ਹੋਏ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਕਠਿਨ ਨਹੀਂ ਹੋਵੇਗਾ ਕਿ ਸ੍ਰੀਲੰਕਾ 'ਚ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਫਸੇ 2,400 ਤੋਂ ਵੱਧ ਭਾਰਤੀ ਫ਼ਿਲਹਾਲ ਕਿਸ ਹਾਲ ਵਿਚ ਹੋਣਗੇ। ਉਹ ਵੀ ਤਦ ਜਦਕਿ ਉਨ੍ਹਾਂ ਨੂੰ ਇਹ ਵੀ ਨਹੀਂ ਦਸਿਆ ਗਿਆ ਹੈ ਕਿ ਉਨ੍ਹਾਂ ਦੀ ਦੇਸ਼ ਵਾਪਸੀ ਕਦੋਂ ਤਕ ਸੰਭਵ ਹੋ ਸਕੇਗੀ। ਖ਼ਰਾਬ ਹੋਣ ਵਾਲੇ ਹਾਲਾਤ, ਘਰ ਤੋਂ ਬਾਹਰ ਰਹਿਣ ਦਾ ਦੁੱਖ ਅਤੇ ਦੇਸ਼ ਵਾਪਸੀ ਦੀ ਬੇਯਕੀਨੀ ਵਿਚਕਾਰ ਇਹ ਲੋਕ ਕੋਲੰਬੋ ਸਥਿਤ ਭਾਰਤੀ ਦੂਤਘਰ ਦੇ ਚੱਕਰ ਕੱਟਣ ਨੂੰ ਮਜਬੂਰ ਹਨ।
ਕੇਂਦਰ ਸਰਕਾਰ ਨੇ ਕੋਰੋਨਾ ਇਨਫ਼ੈਕਸ਼ਨ ਅਤੇ ਤਾਲਾਬੰਦੀ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸੱਤ ਮਈ ਤੋਂ 'ਵੰਦੇ ਭਾਰਤ ਮਿਸ਼ਨ' ਦੀ ਸ਼ੁਰੂਆਤ ਕੀਤੀ ਹੈ। ਕਈ ਦੇਸ਼ਾਂ ਤੋਂ ਭਾਰਤੀਆਂ ਦੀ ਦੇਸ਼ ਵਾਪਸੀ ਵੀ ਕਰਵਾਈ ਜਾ ਰਹੀ ਹੈ ਪ੍ਰੰਤੂ ਸ੍ਰੀਲੰਕਾ ਲਈ ਰਾਹਤ ਉਡਾਣਾਂ ਦਾ ਐਲਾਨ ਅਜੇ ਤਕ ਨਹੀਂ ਹੋਇਆ। ਨੋਇਡਾ ਦੀ ਰਹਿਣ ਵਾਲੀ ਇੰਜੀਨੀਅਰ ਵਿਨੀਤਾ ਕੋਲੰਬੋ 'ਚ ਫਸੀ ਹੋਈ ਹੈ। ਉਨ੍ਹਾਂ ਫ਼ੋਨ 'ਤੇ ਦਸਿਆ ਕਿ ਮੈਂ ਦੋ ਮਹੀਨਿਆਂ ਤੋਂ ਕੋਲੰਬੋ ਵਿਚ ਫਸੀ ਹੋਈ ਹਾਂ। ਮੇਰੀ ਵਿੱਤੀ ਹਾਲਤ ਵੀ ਚੰਗੀ ਨਹੀਂ ਹੈ। ਇਸ ਦੇਸ਼ ਵਿਚ ਰੋਜ਼ਾਨਾ ਜੀਵਨ ਲਈ ਜੱਦੋਜਹਿਦ ਕਰ ਰਹੀ ਹਾਂ।
ਮੈਂ ਸ੍ਰੀਲੰਕਾ 'ਚ ਸਥਿਤ ਭਾਰਤੀ ਰਾਜਦੂਤ ਨਾਲ ਸੰਪਰਕ ਕੀਤਾ। ਉਥੋਂ ਦਸਿਆ ਗਿਆ ਕਿ ਮੈਨੂੰ ਦੇਸ਼ ਵਾਪਸੀ ਲਈ ਵੰਦੇ ਭਾਰਤ ਮਿਸ਼ਨ ਦੇ ਦੂਜੇ ਪੜਾਅ ਦਾ ਇੰਤਜ਼ਾਰ ਕਰਨਾ ਹੋਵੇਗਾ। ਵਿਜੈਪਾਲ ਸਿੰਘ ਅਪਣੇ ਰੁਝੇਵਿਆਂ ਤੋਂ ਮੁਕਤੀ ਪਾ ਕੇ ਕੁੱਝ ਸਮਾਂ ਪਤਨੀ ਨਾਲ ਬਿਤਾਉਣਾ ਚਾਹੁੰਦੇ ਸਨ ਇਸ ਲਈ ਉਹ ਅਪਣੇ ਬੱਚਿਆਂ ਨੂੰ ਉਨ੍ਹਾਂ ਦੇ ਦਾਦਾ-ਦਾਦੀ ਕੋਲ ਛੱਡ ਕੇ ਛੁੱਟੀ ਮਨਾਉਣ ਸ੍ਰੀਲੰਕਾ ਗਏ ਸਨ। ਇਸ ਦੌਰਾਨ ਤਾਲਾਬੰਦੀ ਲਾਗੂ ਹੋ ਗਈ ਅਤੇ ਉਨ੍ਹਾਂ ਦੀ ਛੁੱਟੀ ਉਮੀਦ ਅਤੇ ਜ਼ਰੂਰਤ ਤੋਂ ਕੁੱਝ ਜ਼ਿਆਦਾ ਹੀ ਲੰਮੀ ਹੁੰਦੀ ਜਾ ਰਹੀ ਹੈ। (ਪੀਟੀਆਈ)