
ਮਸਲੇ ਦੇ ਹੱਲ ਲਈ ਦੋ-ਤਿੰਨ ਦਿਨ ਦਾ ਸਮਾਂ ਮੰਗਿਆ, ਫ਼ਿਲਹਾਲ ਵਖਰੀ ਮੁਹਿੰਮ ਰੋਕਣ ਲਈ ਕਿਹਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੀਪੋਰਟ ਰੱਦ ਕਰ ਦੇਣ ਬਾਅਦ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਅੰਦਰ ਸ਼ੁਰੂ ਹੋਇਆ ਆਪਸੀ ਘਮਾਸਾਨ ਹੋਰ ਵਧ ਗਿਆ ਹੈ। ਹੁਣ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਦੇ ਗੰਭੀਰ ਹੋਣ ਬਾਅਦ ਪਾਰਟੀ ਹਾਈ ਕਮਾਨ ਵੀ ਸਰਗਰਮ ਹੋਇਆ ਹੈ। ਪਰ ਇਸ ਦੇ ਬਾਵਜੂਦ ਪੰਜਾਬ ਕਾਂਗਰਸ ਅੰਦਰ ਬਗ਼ਾਵਤੀ ਸੁਰਾਂ ਤਿੱਖੀਆਂ ਹੀ ਨਹੀਂ ਹੋ ਰਹੀਆਂ ਬਲਕਿ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ ਭਾਵੇਂ ਸਰਕਾਰੀ ਧਿਰ ਇਸ ਨੂੰ ਗ਼ਲਤ ਦਸ ਰਹੀ ਹੈ।
Punjab Congress
ਕਾਂਗਰਸ ਹਾਈ ਕਮਾਨ ਵਲੋਂ ਰਾਹੁਲ ਗਾਂਧੀ ਦੀਆਂ ਹਦਾਇਤਾਂ ਬਾਅਦ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਮੁੱਖ ਮੰਤਰੀ ਤੋਂ ਨਾਰਾਜ਼ ਹੋ ਕੇ ਵਖਰੀ ਮੁਹਿੰਮ ਚਲਾ ਰਹੇ ਮੰਤਰੀਆਂ, ਵਿਧਾਇਕਾਂ ਤੇ ਪ੍ਰਮੁੱਖ ਆਗੂਆਂ ਨੂੰ ਫ਼ੋਨ ਕਰ ਕੇ ਫ਼ਿਲਹਾਲ ਇਨ੍ਹਾਂ ਸਰਗਰਮੀਆਂ ਨੂੰ ਦੋ-ਤਿੰਨ ਦਿਨ ਲਈ ਰੋਕ ਦੇਣ ਅਤੇ ਛੇਤੀ ਹੀ ਪੈਦਾ ਹੋਏ ਸੰਕਟ ਦਾ ਹਾਈ ਕਮਾਨ ਵਲੋਂ ਹੱਲ ਕਰਨ ਦਾ ਭਰੋਸਾ ਦੇ ਰਹੇ ਹਨ।
Rahul Gandhi
ਭਾਵੇਂ ਕੈਬਨਿਟ ਮੰਤਰੀ ਚਰਨਜੀਤ ਚੰਨੀ ਵਲੋਂ ਕੀਤੀ ਜਾਣ ਵਾਲੀ ਪ੍ਰੈੱਸ ਕਾਨਫ਼ਰੰਸ ਤਾਂ ਰਾਵਤ ਦੀ ਅਪੀਲ ਬਾਅਦ ਫ਼ਿਲਹਾਲ ਰੱਦ ਕਰ ਦਿਤੀ ਗਈ ਸੀ ਪਰ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਨੇ ਮੰਤਰੀ ਚੰਨੀ ਦੀ ਸਕੱਤਰੇਤ ਸਥਿਤ ਰਿਹਾਇਸ਼ ’ਤੇ ਮੀਟਿੰਗ ਕੀਤੀ। ਇਸ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ਮੀਟਿੰਗ ’ਚ ਸ਼ਾਮਲ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪਰਗਟ ਸਿੰਘ ਦੀ ਹਾਜ਼ਰੀ ਵੀ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ।
Charanjit Singh Channi
ਪਾਰਟੀ ਹਾਈ ਕਮਾਨ ਲੈ ਸਕਦਾ ਹੈ ਇਕੱਲੇ ਇਕੱਲੇ ਵਿਧਾਇਕ ਦੀ ਰਾਏ
ਪੰਜਾਬ ਕਾਂਗਰਸ ਦੇ ਚੱਲ ਰਹੇ ਘਮਾਸਾਨ ’ਚ ਪਾਰਟੀ ਹਾਈ ਕਮਾਨ ਵਲੋਂ ਦਖ਼ਲ ਦੇਣ ਤੋਂ ਬਾਅਦ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਤੋਂ ਸੀਨੀਅਰ ਆਗੂਆਂ ਦਾ ਪੈਨਲ ਚੰਡੀਗੜ੍ਹ ਆ ਕੇ ਪਾਰਟੀ ਦੇ ਸਾਰੇ ਵਿਧਾਇਕਾਂ ਤੋਂ ਪੈਦਾ ਹੋਏ ਮੌਜੂਦਾ ਸੰਕਟ ਬਾਰੇ ਇਕੱਲੇ-ਇਕੱਲੇ ਦੀ ਰਾਏ ਪੁੱਛ ਕੇ ਕੋਈ ਅਗਲਾ ਫ਼ੈਸਲਾ ਸੁਣਾ ਸਕਦਾ ਹੈ। ਪਾਰਟੀ ਇੰਚਾਰਜ ਹਰੀਸ਼ ਰਾਵਤ ਵੀ ਇਕ-ਦੋ ਦਿਨ ’ਚ ਚੰਡੀਗੜ੍ਹ ਪਹੁੰਚ ਰਹੇ ਹਨ ਕਿਉਂਕਿ ਪੰਜਾਬ ਕਾਂਗਰਸ ’ਚ ਬਣੀ ਸਾਰੀ ਮੌਜੂਦਾ ਸਥਿਤੀ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੈ।
Harish Rawat
ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ ਨੂੰ ਭਟਕਾਇਆ ਜਾ ਰਿਹੈ : ਰੰਧਾਵਾ
ਮੀਟਿੰਗ ਤੋਂ ਬਾਅਦ ਚੰਨੀ ਦੀ ਰਿਹਾਇਸ਼ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਿੱਧੇ ਤੌਰ ’ਤੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੀ ਲੜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਨਿਆਂ ਦੀ ਹੈ ਪਰ ਇਸ ਨੂੰ ਹੋਰ ਗੱਲਾਂ ਕਰ ਕੇ ਭਟਕਾਇਆ ਜਾ ਰਿਹਾ ਹੈ। ਬੜੀ ਮੰਦਭਾਗੀ ਗੱਲ ਹੈ ਕਿ ਪਤਾ ਨਹੀਂ ਕਿਹੜੇ ਲੋਕ ਸਾਜ਼ਸ਼ਾਂ ਕਰ ਕੇ ਇਸ ਲੜਾਈ ਨੂੰ ਕਿਸੇ ਹੋਰ ਪਾਸੇ ਲਿਜਾ ਰਹੇ ਹਨ।
Sukhjinder Randhawa
ਰੰਧਾਵਾ ਨੇ ਇਹ ਵੀ ਕਿਹਾ ਕਿ ਨਾ ਮੈਂ ਵਿਜੀਲੈਂਸ ਤੋਂ ਡਰਦਾ ਹਾਂ ਤੇ ਨਾ ਹੀ ਜੇਲ ਜਾਣ ਤੋਂ। ਚੰਨੀ ਵਿਰੁਧ ਮਹਿਲਾ ਕਮਿਸ਼ਨ ਦੇ ਮਾਮਲੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ ਅਤੇ ਜਦੋਂ ਇਸ ਦਾ ਕੋਈ ਚੇਅਰਮੈਨ ਬਣ ਜਾਂਦਾ ਹੈ ਤਾਂ ਉਸ ਦਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਰਹਿ ਜਾਂਦਾ। ਉਨ੍ਹਾਂ ਪੰਜਾਬ ਮਹਿਲਾ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ।
Sukhjinder Randhawa
ਰੰਧਾਵਾ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ ’ਚ ਅਸੀਂ ਬੇਅਦਬੀ ਦੇ ਨਿਆਂ ਤੇ ਨਸ਼ੇ ਖ਼ਤਮ ਕਰਨ ਦੇ ਵੱਡੇ ਵਾਅਦੇ ਕੀਤੇ ਸਨ। ਮੈਂ ਤੇ ਤ੍ਰਿਪਤ ਰਜਿੰਦਰ ਬਾਜਵਾ ਬਰਗਾੜੀ ਖ਼ੁਦ ਸਰਕਾਰ ਵਲੋਂ ਮੋਰਚਾ ਖ਼ਤਮ ਕਰਵਾਉਣ ਗਏ ਸੀ ਅਤੇ ਸਾਨੂੰ ਖ਼ੁਦ ਮੁੱਖ ਮੰਤਰੀ ਨੇ ਭੇਜਿਆ ਸੀ। ਜੇ ਹੁਣ ਨਿਆਂ ਨਾ ਦੇ ਸਕੇ ਤਾਂ ਅੱਗੇ ਅਸੀਂ ਕਿਹੜੇ ਮੂੰਹ ਨਾਲ ਲੋਕਾਂ ’ਚ ਜਾਵਾਂਗੇ। ਉਨ੍ਹਾਂ ਕਿਹਾ ਕਿ ਬੜੀ ਮਾੜੀ ਗੱਲ ਹੈ ਕਿ ਅਸੀਂ ਜਿਨ੍ਹਾਂ ਵਿਰੁਧ ਕਾਰਵਾਈ ਦਾ ਵਾਅਦਾ ਕਰ ਕੇ ਆਏ ਸੀ ਪਰ ਇਸ ਦੇ ਉਲਟ ਅਪਣਿਆਂ ਵਿਰੁਧ ਹੀ ਐਸੀ ਕਾਰਵਾਈ ਲਈ ਤੁਰ ਪਏ ਹਾਂ।
ਧਮਕੀ ਤੇ ਵਿਜੀਲੈਂਸ ਮਾਮਲਿਆਂ ਬਾਰੇ ਮੁੱਖ ਮੰਤਰੀ ਖ਼ੁਦ ਸਪਸ਼ਟ ਕਰਨ : ਪ੍ਰਤਾਪ ਬਾਜਵਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਚੰਨੀ ਦੀ ਰਿਹਾਇਸ਼ ’ਤੇ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਟਿੰਗ ਦਾ ਕੋਈ ਖ਼ਾਸ ਏਜੰਡਾ ਨਹੀਂ ਸੀ ਅਤੇ ਚਲ ਰਹੇ ਮਾਮਲਿਆਂ ’ਤੇ ਹੀ ਵਿਚਾਰ ਹੋਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਪਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਰਾਹੀਂ ਧਮਕੀ ਅਤੇ ਨਵਜੋਤ ਸਿੱਧੂ ’ਤੇ ਵਿਜੀਲੈਂਸ ਕਾਰਵਾਈ ਦਾ ਮਾਮਲਾ ਬਹੁਤ ਗੰਭੀਰ ਹੈ। ਮੁੱਖ ਮੰਤਰੀ ਸਾਹਿਬ ਨੂੰ ਇਸ ਬਾਰੇ ਖ਼ੁਦ ਸਾਹਮਣੇ ਆ ਕੇ ਸਪਸ਼ਟ ਕਰਨਾ ਚਾਹੀਦਾ ਹੈ। ਉਹ ਦੱਸਣ ਕਿ ਇਹ ਉਨ੍ਹਾਂ ਦੀ ਮਰਜ਼ੀ ਨਾਲ ਹੋਇਆ ਜਾਂ ਬਿਨਾਂ ਮਰਜ਼ੀ ਦੇ।
Partap Singh Bajwa
ਅਗਰ ਬਿਨਾਂ ਮਰਜ਼ੀ ਦੇ ਹੋਇਆ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਵਿਜੀਲੈਂਸ ਬਿਊਰੋ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਜੇ ਵਿਜੀਲੈਂਸ ਨੇ ਕੁੱਝ ਕਰਨਾ ਹੀ ਹੈ ਤਾਂ ਬਾਦਲ ਸਰਕਾਰ ਸਮੇਂ ਦੇ ਕਰੋੜਾਂ ਰੁਪਏ ਦੇ ਘੁਟਾਲਿਆਂ ਦੀ ਜਾਂਚ ਕਰੇ ਪਰ ਉਲਟਾ ਅਪਣਿਆਂ ’ਤੇ ਹੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
Partap Singh Bajwa
ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਇਸ ਤਰ੍ਹਾਂ ਵਰਤੋਂ ਕੋਈ ਚੰਗੀ ਰੀਤ ਨਹੀਂ। ਇਹ ਸੱਭ ਕੁੱਝ ਬੰਦ ਹੋਣਾ ਚਾਹੀਦਾ ਹੈ। ਅਗਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਸਰਕਾਰ ਤੇ ਪਾਰਟੀ ਨੂੰ ਆਉਣ ਵਾਲੇ ਦਿਨਾਂ ’ਚ ਬਹੁਤ ਕੁੱਝ ਹੋ ਸਕਦਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਤੇ ਸਰਕਾਰ ’ਚ ਪੈਦਾ ਹੋਈ ਸਥਿਤੀ ’ਤੇ ਹਰੀਸ਼ ਰਾਵਤ ਨੇ ਵੀ ਮੇਰੇ ਨਾਲ ਗੱਲਬਾਤ ਦੌਰਾਨ ਕਾਫ਼ੀ ਫ਼ਿਕਰਮੰਦੀ ਜ਼ਾਹਰ ਕੀਤੀ ਹੈ। ਉਨ੍ਹਾਂ 2-3 ਦਿਨ ’ਚ ਮਸਲੇ ਦੇ ਕਿਸੇ ਹੱਲ ਦੀ ਵੀ ਗੱਲ ਆਖੀ ਹੈ। ਚੰਨੀ ਦੇ ਮਾਮਲੇ ਬਾਰੇ ਬਾਜਵਾ ਨੇ ਕਿਹਾ ਕਿ ਇਸ ’ਚ ਕੁੱਝ ਵੀ ਨਹੀਂ ਤੇ ਪੁਰਾਣਾ ਮਾਮਲਾ ਹੈ, ਪਰ ਇਸ ਬਾਰੇ ਚੰਨੀ ਖ਼ੁਦ ਜਵਾਬ ਦੇ ਦੇਣਗੇ। ਉਹ ਅਪਣਾ ਪੱਖ ਰੱਖਣ ਦੇ ਸਮਰੱਥ ਹਨ।