
ਭਾਰਤ 'ਚ 72 ਘੰਟੇ ਪਹਿਲਾਂ ਹੀ ਮਾਨਸੂਨ ਨੇ ਦਿੱਤੀ ਦਸਤਕ , ਅੰਡੇਮਾਨ ਸਾਗਰ ਦੇ ਤੱਟ 'ਤੇ ਪਹੁੰਚਿਆ ਮਾਨਸੂਨ
Monsoon Update : ਭਾਰਤੀ ਅਰਥਵਿਵਸਥਾ ਖੇਤੀ ਆਧਾਰਿਤ ਹੈ ਅਤੇ ਇਸ ਦੇ ਲਈ ਮਾਨਸੂਨ ਜੀਵਨ ਰੇਖਾ ਦੀ ਤਰ੍ਹਾਂ ਕੰਮ ਕਰਦਾ ਹੈ। ਭਾਰਤ ਲਈ ਖੁਸ਼ਖਬਰੀ ਹੈ ਕਿ ਦੱਖਣ-ਪੱਛਮੀ ਮਾਨਸੂਨ ਨਿਕੋਬਾਰ ਟਾਪੂ 'ਤੇ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ।
ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਦੱਖਣ-ਪੱਛਮੀ ਮਾਨਸੂਨ ਐਤਵਾਰ ਨੂੰ ਮਾਲਦੀਵ, ਕੋਮੋਰਿਨ ਖੇਤਰ ਅਤੇ ਦੱਖਣੀ ਬੰਗਾਲ ਦੀ ਖਾੜੀ, ਨਿਕੋਬਾਰ ਦੀਪ ਸਮੂਹ ਅਤੇ ਦੱਖਣੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ।
31 ਮਈ ਤੱਕ ਕੇਰਲ ਪਹੁੰਚਣ ਦੀ ਉਮੀਦ
ਮਾਨਸੂਨ ਦੇ 31 ਮਈ ਤੱਕ ਕੇਰਲ ਪਹੁੰਚਣ ਦੀ ਸੰਭਾਵਨਾ ਹੈ। ਕੇਰਲ ਵਿੱਚ ਮਾਨਸੂਨ ਦੇ ਆਉਣ ਦੀਆਂ ਤਰੀਕਾਂ ਵਿੱਚ ਪਿਛਲੇ 150 ਸਾਲਾਂ ਵਿੱਚ ਬਹੁਤ ਅੰਤਰ ਰਿਹਾ ਹੈ। ਸਾਲ 1918 ਵਿੱਚ ਮਾਨਸੂਨ ਸਭ ਤੋਂ ਜਲਦੀ 11 ਮਈ ਨੂੰ ਪਹੁੰਚਿਆ ਸੀ, ਓਥੇ ਹੀ ਸਭ ਤੋਂ ਦੇਰੀ 'ਚ 1972 ਵਿੱਚ ਪਹੁੰਚਿਆ ਸੀ , ਜਦ ਕੇਰਲ ਵਿੱਚ ਮਾਨਸੂਨ ਨੇ 18 ਜੂਨ ਨੂੰ ਦਸਤਕ ਦਿੱਤੀ ਸੀ। ਪਿਛਲੇ ਸਾਲ ਮਾਨਸੂਨ 8 ਜੂਨ ਨੂੰ ਕੇਰਲ ਪਹੁੰਚਿਆ ਸੀ, ਜਦੋਂ ਕਿ 2022 ਵਿੱਚ ਮਾਨਸੂਨ 29 ਮਈ ਨੂੰ ਅਤੇ 2021 ਵਿੱਚ 3 ਜੂਨ ਨੂੰ, 2020 ਵਿੱਚ 1 ਜੂਨ ਨੂੰ ਕੇਰਲ ਪਹੁੰਚਿਆ ਸੀ।
ਅੱਤ ਦੀ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ
ਪਿਛਲੇ ਮਹੀਨੇ ਹੀ ਮੌਸਮ ਵਿਭਾਗ ਨੇ ਕਿਹਾ ਸੀ ਕਿ ਇਸ ਸਾਲ ਭਾਰਤ ਵਿੱਚ ਮਾਨਸੂਨ ਦੀ ਬਾਰਸ਼ ਆਮ ਨਾਲੋਂ ਵੱਧ ਹੋਵੇਗੀ। ਇਸ ਦੀ ਵਜ੍ਹਾ ਲਾ ਨੀਨੀ ਨਾਲ ਬਣਨ ਵਾਲੇ ਹਾਲਾਤ ,ਪ੍ਰਸ਼ਾਂਤ ਮਹਾਸਾਗਰ ਦੇ ਠੰਡਾ ਹੋਣ ਕਾਰਨ ਇਸ ਸਾਲ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸੇ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ।
ਕਈ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਸਾਲ ਦੱਖਣੀ ਭਾਰਤ 'ਚ ਅਪ੍ਰੈਲ 'ਚ ਹੀ ਹੀਟਵੇਵ ਸ਼ੁਰੂ ਹੋ ਗਈ ਸੀ। ਅੱਤ ਦੀ ਗਰਮੀ ਕਾਰਨ ਪਾਵਰ ਗਰਿੱਡ 'ਤੇ ਦਬਾਅ ਵਧ ਰਿਹਾ ਹੈ ਅਤੇ ਪਾਣੀ ਦੇ ਸੋਮੇ ਵੀ ਸੁੱਕ ਰਹੇ ਹਨ।
ਅਜਿਹੇ 'ਚ ਭਾਰਤ 'ਚ ਮਾਨਸੂਨ ਦੇ ਜਲਦੀ ਆਉਣ ਨਾਲ ਵੱਡੀ ਰਾਹਤ ਮਿਲ ਸਕਦੀ ਹੈ। ਭਾਰਤ ਦੀ 52 ਫੀਸਦੀ ਖੇਤੀ ਮੀਂਹ 'ਤੇ ਨਿਰਭਰ ਹੈ। ਇਸ ਤੋਂ ਇਲਾਵਾ ਮੌਨਸੂਨ ਦੀਆਂ ਬਾਰਿਸ਼ਾਂ ਜਲ ਭੰਡਾਰਾਂ ਨੂੰ ਰੀਚਾਰਜ ਕਰਨ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਲਈ ਵੀ ਬਹੁਤ ਮਹੱਤਵਪੂਰਨ ਹਨ। ਜੂਨ ਅਤੇ ਜੁਲਾਈ ਵਿੱਚ ਮੌਨਸੂਨ ਦੀ ਬਾਰਿਸ਼ ਸਾਉਣੀ ਦੀ ਫ਼ਸਲ ਲਈ ਵੀ ਜ਼ਰੂਰੀ ਹੈ।