
10 ਵਿਅਕਤੀਆਂ ਵਿਰੁਧ ਮਾਮਲਾ ਦਰਜ, ਸਾਰੇ ਫਰਾਰ
ਅਸ਼ੋਕ ਨਗਰ: ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲ੍ਹੇ ’ਚ ਇਕ ਬਜ਼ੁਰਗ ਦਲਿਤ ਜੋੜੇ ਨੂੰ ਕਥਿਤ ਤੌਰ ’ਤੇ ਕੁੱਟਿਆ ਗਿਆ ਅਤੇ ਜੁੱਤੀਆਂ ਦੇ ਹਾਰ ਪਾਏ ਗਏ। ਪੁਲਿਸ ਨੇ ਦਸਿਆ ਕਿ ਜੋੜੇ ਦਾ ਬੇਟਾ ਕਥਿਤ ਤੌਰ ’ਤੇ ਛੇੜਛਾੜ ਦੀ ਘਟਨਾ ’ਚ ਸ਼ਾਮਲ ਸੀ।
ਇਕ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਨੂੰ ਮੁੰਗਵਲੀ ਥਾਣਾ ਖੇਤਰ ਦੇ ਕਿਲੋਰਾ ਪਿੰਡ ’ਚ ਵਾਪਰੀ। ਉਨ੍ਹਾਂ ਦਸਿਆ ਕਿ 10 ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਸਾਰੇ ਫਰਾਰ ਹਨ। ਮੁੰਗਵਲੀ ਥਾਣੇ ਦੇ ਇੰਚਾਰਜ ਗੱਬਰ ਸਿੰਘ ਗੁਰਜਰ ਨੇ ਦਸਿਆ ਕਿ ਜੋੜੇ ਦਾ ਬੇਟਾ ਕਥਿਤ ਤੌਰ ’ਤੇ ਇਕ ਮੁਲਜ਼ਮ ਦੀ ਪਤਨੀ ਨਾਲ ਛੇੜਛਾੜ ਕਰਨ ਵਿਚ ਸ਼ਾਮਲ ਸੀ। ਘਟਨਾ ਤੋਂ ਬਾਅਦ ਦਲਿਤ ਪਰਵਾਰ ਪਿੰਡ ਛੱਡ ਕੇ ਚਲਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਜੋੜਾ ਹਾਲ ਹੀ ’ਚ ਪਿੰਡ ਆਇਆ ਸੀ। ਅਧਿਕਾਰੀ ਨੇ ਦਸਿਆ ਕਿ ਸ਼ੁਕਰਵਾਰ ਨੂੰ ਮੁਲਜ਼ਮਾਂ ਨੇ ਕਥਿਤ ਤੌਰ ’ਤੇ 65 ਸਾਲ ਦੇ ਦਲਿਤ ਵਿਅਕਤੀ ਅਤੇ ਉਸ ਦੀ 60 ਸਾਲ ਦੀ ਪਤਨੀ ਨੂੰ ਖੰਭੇ ਨਾਲ ਬੰਨ੍ਹ ਦਿਤਾ, ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਜੁੱਤੀਆਂ ਦੇ ਹਾਰ ਪਾਏ।
ਉਨ੍ਹਾਂ ਦਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਸਨਿਚਰਵਾਰ ਨੂੰ 10 ਲੋਕਾਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 147 (ਦੰਗੇ), 149 (ਸਾਂਝੇ ਇਰਾਦੇ ਨਾਲ ਗੈਰ-ਕਾਨੂੰਨੀ ਇਕੱਠ), 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 294 (ਅਸ਼ਲੀਲ ਕੰਮ) ਅਤੇ 506 (ਅਪਰਾਧਕ ਧਮਕੀ) ਦੇ ਨਾਲ-ਨਾਲ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।