
ਵੱਡੀ ਗਿਣਤੀ ’ਚ ਲੋਕ ਬੈਰੀਕੇਡ ਤੋੜ ਕੇ ਸਟੇਜ ’ਤੇ ਚੜ੍ਹ ਗਏ, ਜਿਸ ਨਾਲ ਸਟੇਜ ’ਤੇ ਕੋਈ ਜਗ੍ਹਾ ਨਹੀਂ ਬਚੀ
ਪ੍ਰਯਾਗਰਾਜ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਫੂਲਪੁਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਮਰਨਾਥ ਮੌਰਿਆ ਦੇ ਸਮਰਥਨ ’ਚ ਕੀਤੀ ਸਾਂਝੀ ਰੈਲੀ ਦੌਰਾਨ ਸਟੇਜ ’ਤੇ ਹਫੜਾ-ਦਫੜੀ ਕਾਰਨ ਭਾਸ਼ਣ ਦਿਤੇ ਬਿਨਾਂ ਹੀ ਸਮਾਗਮ ਵਾਲੀ ਥਾਂ ਤੋਂ ਚਲੇ ਗਏ। ਸਮਾਜਵਾਦੀ ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਲੋਕ ਬੈਰੀਕੇਡ ਤੋੜ ਕੇ ਸਟੇਜ ’ਤੇ ਚੜ੍ਹ ਗਏ, ਜਿਸ ਨਾਲ ਸਟੇਜ ’ਤੇ ਕੋਈ ਜਗ੍ਹਾ ਨਹੀਂ ਬਚੀ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਦੋਵੇਂ ਫੂਲਪੁਰ ਲੋਕ ਸਭਾ ਹਲਕੇ ਦੇ ਪਡਿਲਾ ਮਹਾਦੇਵ ’ਚ ਕਰਵਾਈ ਗਈ ਰੈਲੀ ’ਚ ਮੌਜੂਦ ਸਨ ਪਰ ਦੋਹਾਂ ਨੇ ਇਕੱਠ ਨੂੰ ਸੰਬੋਧਨ ਨਹੀਂ ਕੀਤਾ।
ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਹੁਣ ਦੋਵੇਂ ਨੇਤਾ ਯਮੁਨਾਪਾਰ ਦੇ ਮੁੰਗਾਰੀ ’ਚ ਇਕ ਸਾਂਝੀ ਰੈਲੀ ਨੂੰ ਸੰਬੋਧਨ ਕਰਨਗੇ। ‘ਇੰਡੀਆ’ ਗੱਠਜੋੜ ਨੇ ਇਲਾਹਾਬਾਦ ਸੀਟ ਕਾਂਗਰਸ ਨੂੰ ਦਿਤੀ ਹੈ, ਜਿੱਥੋਂ ਉੱਜਵਲ ਰਮਨ ਸਿੰਘ ਉਮੀਦਵਾਰ ਹਨ। ਸਮਾਜਵਾਦੀ ਪਾਰਟੀ ਨੇ ਫੂਲਪੁਰ ਸੀਟ ਤੋਂ ਅਪਣਾ ਉਮੀਦਵਾਰ ਅਮਰਨਾਥ ਮੌਰਿਆ ਨੂੰ ਮੈਦਾਨ ’ਚ ਉਤਾਰਿਆ ਹੈ। ਐਤਵਾਰ ਨੂੰ ‘ਇੰਡੀਆ’ ਗੱਠਜੋੜ ਦੀਆਂ ਦੋ ਰੈਲੀਆਂ ਦਾ ਪ੍ਰਸਤਾਵ ਰੱਖਿਆ ਗਿਆ ਸੀ।