
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਵੱਡੀ ਤਾਦਾਦ ਵਿਚ ਸੰਗਤ ਨੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕਿਆ......
ਨਵੀਂ ਦਿੱਲੀ : ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਵੱਡੀ ਤਾਦਾਦ ਵਿਚ ਸੰਗਤ ਨੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਸਿੱਧ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਐਤਵਾਰ ਨੂੰ ਸਜਾਏ ਗਏ ਉਚੇਚੇ ਦੀਵਾਨ ਵਿਚ ਸੰਗਤ ਨੂੰ ਗੰਧਲੀ ਹੋ ਰਹੀ ਹਵਾ ਤੇ ਵਾਤਾਵਰਨ ਸਣੇ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਵੀ ਸੱਦਾ ਦਿਤਾ ਗਿਆ।
ਸੰਗਤ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ ਚਾਨਣਾ ਪਾਉਂਦਿਆਂ ਗੁਰੂ ਨਾਨਕ ਸਾਹਿਬ ਤੇ ਹੋਰਨਾਂ ਗੁਰੂ ਸਾਹਿਬਾਨ ਵਲੋਂ ਕੀਤੇ ਗਏ ਮਾਨਵਵਾਦੀ ਕਾਰਜਾਂ ਤੋਂ ਸੇਧ ਲੈਣ ਦੀ ਲੋੜ 'ਤੇ ਜ਼ੋਰ ਦਿਤਾ। ਸ.ਜੀ.ਕੇ. ਨੇ ਚਿਤਾਵਨੀ ਦਿੰਦਿਆਂ ਕਿਹਾ, “ਭਾਵੇਂ ਮੋਦੀ ਹੋਏ ਜਾਂ ਸੋਨੀਆ ਗਾਂਧੀ ਕੋਈ ਸਿੱਖਾਂ ਨੂੰ ਮਾੜੀ ਅੱਖ ਨਾਲ ਵੇਖਣ ਦੀ ਹਿਮਾਕਤ ਨਾ ਕਰੇ, ਅਸੀਂ ਕੌਮ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ। ਆਰ.ਐਸ.ਐਸ. ਨੂੰ ਵੀ ਗੁਰੂ ਅਰਜਨ ਸਾਹਿਬ ਦਾ ਮੁੜ ਇਤਿਹਾਸ ਲਿੱਖ ਕੇ, ਸਿੱਖਾਂ ਨੂੰੰ ਚੁਨੌਤੀ ਨਹੀਂ ਦੇਣੀ ਚਾਹੀਦੀ।
“ ਸ.ਜੀ.ਕੇ. ਨੇ ਐਲਾਨ ਕੀਤਾ ਕਿ ਹਰਿਆਵਲ ਕਾਇਮ ਰੱਖਣ ਲਈ ਉਹ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਬੱਚਿਆਂ ਨੂੰ ਨਾਲ ਲੈ ਕੇ, ਬੂਟੇ ਲਾਉਣਗੇ ਤੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣਗੇ। ਉਨ੍ਹਾਂ ਸ਼ੀਲਾਂਗ ਵਿਖੇ ਸਿੱਖਾਂ ਤੇ ਖ਼ਾਸੀਆਂ ਵਿਚਕਾਰ ਪੈਦਾ ਹੋਏ ਟਕਰਾਅ ਤੇ ਦਿੱਲੀ ਕਮੇਟੀ ਵਲੋਂ ਨਿਭਾਏ ਗਏ ਰੋਲ ਤੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਚਲ ਰਹੀਆਂ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿਤੀ ਅਤੇ ਲੰਗਰ ਦੀ ਰਸਦ ਤੋਂ ਜੀਐਸਟੀ ਹਟਾਉਣ ਬਾਰੇ ਸਪਸ਼ਟ ਕੀਤਾ ਤੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਸਿਕਲੀਗਰ ਸਿੱਖਾਂ ਵਾਸਤੇ ਕਾਇਮ ਹੋਈ ਆਈਟੀਆਈ ਲਈ ਕਮੇਟੀ ਵਲੋਂ 5 ਲੱਖ ਰੁਪਏ ਦੀ ਮਦਦ ਦਿਤੀ ਗਈ ਹੈ।
ਇਸ ਮੌਕੇ ਦਿੱਲੀ ਕਮੇਟੀ ਵਲੋਂ ਕੌਮਾਂਤਰੀ ਸਿੱਖ ਜੱਥੇਬੰਦੀ ਯੂਨਾਈਟਡ ਸਿੱਖ ਦੀ ਮੁਖ ਅਹੁਦੇਦਾਰ ਬੀਬੀ ਮਜਿੰਦਰਪਾਲ ਕੌਰ, ਸ.ਗੁਰਜੀਤ ਸਿੰਘ ਸਣੇ ਡਾ.ਤੇਜਿੰਦਰ ਕੌਰ ਯੂਐਸਏ, ਗੁਰਦਵਾਰਾ ਬੰਗਲਾ ਸਾਹਿਬ ਦੇ ਮੁਲਾਜ਼ਮ ਸ.ਗੁਰਦੀਪ ਸਿੰਘ, ਸਿੱਖ ਚੇਤਨਾ ਮਿਸ਼ਨ ਵਲੋਂ ਕਰਵਾਏ ਗੁਰਮਤਿ ਮੁਕਾਬਲੇ ਵਿਚ ਜੇਤੂ ਰਹੇ ਵਿਦਿਆਰਥੀਆਂ ਦੇ ਨਾਲ ਗੁਰਬਾਣੀ ਕੀਰਤਨ ਮੁਕਾਬਲੇ ਵਿਚ ਜੇਤੂ ਰਹੇ ਭਾਈ ਪਰਦੀਪ ਸਿੰਘ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ, ਸ.ਚਮਨ ਸਿੰਘ ਸ਼ਾਹਪੁਰਾ, ਸ.ਅਮਰਜੀਤ ਸਿੰਘ ਸਣੇ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਆਦਿ ਸ਼ਾਮਲ ਹੋਏ।