
ਉਹਨਾਂ ਕਿਹਾ ਕਿ ਸਾਨੂੰ ਲੋਕ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ, ਸਰਕਾਰ ਨੂੰ ਜਵਾਬ ਦੇਣਾ ਪਏਗਾ।
ਨਵੀਂ ਦਿੱਲੀ: ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਨੇ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਸੋਸ਼ਲ ਮੀਡੀਆ ਜ਼ਰੀਏ ਕੇਂਦਰ ਨੂੰ ਨਿਸ਼ਾਨਾ ਬਣਾ ਰਹੇ ਹਨ। ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਤੰਜ਼ ਕੱਸਿਆ ਹੈ। ਉਹਨਾਂ ਕਿਹਾ ਕਿ ਸਾਨੂੰ ਲੋਕ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ, ਸਰਕਾਰ ਨੂੰ ਜਵਾਬ ਦੇਣਾ ਪਏਗਾ।
ਰਾਹੁਲ ਗਾਂਧੀ ਨੇ ਲਿਖਿਆ, “ਰੁਪਿਆ ਪਹੁੰਚਿਆ 80 ਪਾਰ, ਗੈਸ ਵਾਲੇ ਮੰਗਣ ਰੁਪਏ ਹਜ਼ਾਰ, ਜੂਨ 'ਚ 1.3 ਕਰੋੜ ਬੇਰੁਜ਼ਗਾਰ, ਅਨਾਜ 'ਤੇ ਵੀ GST ਦਾ ਭਾਰ। ਸਾਨੂੰ ਲੋਕ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ, ਸਰਕਾਰ ਨੂੰ ਜਵਾਬ ਦੇਣਾ ਪਏਗਾ। ਸੰਸਦ ’ਚ ਚਰਚਾ ਅਤੇ ਸਵਾਲਾਂ ਤੋਂ ਭੱਜਣਾ ਸਭ ਤੋਂ 'ਗੈਰ-ਸੰਸਦੀ' ਹੈ ਪ੍ਰਧਾਨ ਮੰਤਰੀ ਜੀ”।
ਇਸ ਤੋਂ ਇਲਾਵਾ ਰਾਹੁਲ ਗਾਂਧੀ ਸਮੇਤ ਕਾਂਗਰਸ ਅਤੇ ਹੋਰ ਸਹਿਯੋਗੀ ਪਾਰਟੀਆਂ ਦੇ ਆਗੂਆਂ ਵਲੋਂ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿਚ ਸੰਸਦ ਭਵਨ ਕੰਪਲੈਕਸ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜ਼ਰੂਰੀ ਭੋਜਨ ਖਾਣ-ਪੀਣ ਦੀਆਂ ਚੀਜ਼ਾਂ 'ਤੇ ਜੀਐਸਟੀ ਲਗਾਉਣ ਦੇ ਚਲਦੇ ਮੰਗਲਵਾਰ ਯਾਨੀ ਅੱਜ ਧਰਨਾ ਦਿਤਾ ਗਿਆ।