
ਕਾਂਗਰਸ ਦੀ ਕਪਤਾਨੀ ਅਜਿਹੇ ਮਾਂ ਪੁੱਤ ਦੀ ਜੋੜੀ ਦੇ ਹੱਥਾਂ ਵਿਚ ਹੈ ਜੋ ਕੇਵਲ ਅਪਣੇ ਬਾਰੇ ਸੋਚ ਸਕਣ ਦੀ ਬੀਮਾਰੀ ਦੇ ਮਰੀਜ਼ ਬਣ ਚੁਕੇ ਹਨ।
ਭਾਰਤੀ ਰਾਜਨੀਤੀ ਦੀ ਆਕਾਸ਼-ਗੰਗਾ ਉਤੇ ਇਕ ਪਾਸੇ ਕਾਂਗਰਸ ਹੈ ਜੋ ਅਪਣੀ ਹੋਂਦ ਬਚਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਚਲਣ ਦੇ ਯਤਨ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਜਿਸ ਸਮੇਂ ਰਾਸ਼ਟਰਪਤੀ ਪਦ ਲਈ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਹਰ ਵੋਟ ਕੀਮਤੀ ਹੈ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਿਦੇਸ਼ ਯਾਤਰਾ ਵਾਸਤੇ ਨਿਕਲ ਜਾਂਦੇ ਹਨ। ਦੂਜੇ ਪਾਸੇ ਭਾਜਪਾ ਹੈ ਜੋ ਰਾਸ਼ਟਰਪਤੀ ਚੋਣਾਂ ਨੂੰ ਜਿੱਤਣ ਵਾਸਤੇ ਇਕ ਤੈਅ ਸ਼ੁਦਾ ਯੋਜਨਾ ਤਹਿਤ ਚਲ ਰਹੀ ਹੈ ਜਿਸ ਅਧੀਨ ਉਸ ਨੇ ਮਹਾਰਾਸ਼ਟਰਾ ਦੀ ਸਰਕਾਰ ਨੂੰ ਡੇਗ ਕੇ ਸ਼ਿਵ ਸੈਨਾ ਨੂੰ ਦੋ ਫਾੜ ਕਰ ਦਿਤਾ।
BJP
ਇਕ ਸ਼ਿਵ ਸੈਨਿਕ ਸ਼ਿੰਦੇ, ਬੀਜੇਪੀ ਦੀ ਮਦਦ ਨਾਲ ਮੁੱਖ ਮੰਤਰੀ ਬਣ ਗਿਆ ਤੇ ਹੁਣ ਉਧਵ ਠਾਕਰੇ ਸੱਭ ਕੁੱਝ ਹਾਰ ਜਾਣ ਮਗਰੋਂ ਅਪਣੀ ਜ਼ਿੱਦ ਵੀ ਹਾਰ ਗਏ ਹਨ ਤੇ ਭਾਜਪਾ ਦਾ ਸਾਥ ਦੇਣ ਲਈ ਤਿਆਰ ਹੋ ਗਏ ਹਨ। ਸ਼ਰਦ ਪਵਾਰ ਜਿਨ੍ਹਾਂ ਦੀ ਸਿਆਸੀ ਸੂਝ ਬੂਝ ਨੇ ਉਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਇਆ ਸੀ ਤੇ ਜਿਨ੍ਹਾਂ ਨੇ ਹੀ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਬਣਾਉਣ ਦੀ ਯੋਜਨਾ ਬਣਾਈ ਸੀ, ਉਹ ਵੀ ਅਪਣੇ ਸਾਥੀ ਉਧਵ ਠਾਕਰੇ ਦੀ ਚੋਣ ਤੋਂ ਹੈਰਾਨ ਹਨ। ਪਰ ਹੈਰਾਨੀ ਕਿਸ ਗੱਲ ਦੀ? ਇਕ ਪਾਸੇ ਇਕ ਅਜਿਹਾ ਸੰਗਠਨ ਹੈ ਜੋ ਤਾਕਤਵਰ ਤੇ ਮਜ਼ਬੂਤ ਹੈ ਤੇ ਜਿਸ ਦੇ ਮੈਂਬਰ ਇਕ ਦੂਜੇ ਪ੍ਰਤੀ ਵਫ਼ਾਦਾਰ ਹਨ ਤੇ ਅਪਣੇ ਆਗੂਆਂ ਦੀ ਅਗਵਾਈ ਵਿਚ ਖ਼ੁਸ਼ ਹਨ ਪਰ ਦੂਜੇ ਪਾਸੇ ਇਕ ਡੁਬਦੀ ਬੇੜੀ ਹੈ ਜਿਸ ’ਚੋਂ ਛਾਲ ਮਾਰਨ ਦੀ ਹਰ ਕੋਈ ਤਿਆਰੀ ਕਰ ਰਿਹਾ ਹੈ।
Rahul Gandhi
ਕਾਂਗਰਸ ਦੀ ਕਪਤਾਨੀ ਅਜਿਹੇ ਮਾਂ ਪੁੱਤ ਦੀ ਜੋੜੀ ਦੇ ਹੱਥਾਂ ਵਿਚ ਹੈ ਜੋ ਕੇਵਲ ਅਪਣੇ ਬਾਰੇ ਸੋਚ ਸਕਣ ਦੀ ਬੀਮਾਰੀ ਦੇ ਮਰੀਜ਼ ਬਣ ਚੁਕੇ ਹਨ। ਮਾਂ ਨੂੰ ਚਿੰਤਾ ਇਹ ਨਹੀਂ ਕਿ ਬੇੜੀ ਡੁੱਬ ਰਹੀ ਹੈ, ਮਾਂ ਨੂੰ ਚਿੰਤਾ ਸਿਰਫ਼ ਇਹ ਹੈ ਕਿ ਕਾਂਗਰਸ ਦੀ ਕਪਤਾਨੀ ਬੇਟੇ ਦੇ ਹੱਥੋਂ ਕੋਈ ਖੋੋਹ ਨਾ ਲਵੇ ਪਰ ਉਹ ਅਜਿਹਾ ਕਪਤਾਨ ਸਾਬਤ ਹੋਵੇਗਾ ਜੋ ਕਾਂਗਰਸ ਦੀ ਬੇੜੀ ਡੁਬਦੀ ਵੇਖ ਕੇ ਵੀ ਅਪਣੀਆਂ ਨਿਜੀ ਸੋਚਾਂ ਵਿਚ ਹੀ ਗੁਆਚਿਆ ਨਜ਼ਰ ਆਵੇਗਾ। ਅੱਜ ਜਦ ਇਕ-ਇਕ ਵੋਟ ਪਿਛੇ ਯਸ਼ਵੰਤ ਸਿਨਹਾ ਹੱਥ ਜੋੜ ਰਹੇ ਹਨ ਤਾਂ ਰਾਹੁਲ ਗਾਂਧੀ ਛੁੱਟੀ ਤੇ ਵਿਦੇਸ਼ ਚਲੇ ਗਏ ਹਨ ਜਦਕਿ ਉਨ੍ਹਾਂ ਨੂੰ ਯਸ਼ਵੰਤ ਸਿਨਹਾ ਦੇ ਨਾਲ ਜਾ ਕੇ ਵਿਧਾਇਕਾਂ ਨੂੰ ਅਪਣੀ ਅਗਵਾਈ ਵਿਚ ਵਿਸ਼ਵਾਸ ਦਿਵਾਉਣ ਦੀ ਜ਼ਰੂਰਤ ਸੀ।
PM Rahul Gandhi
ਸ਼ਾਇਦ ਰਾਹੁਲ ਗਾਂਧੀ ਲਈ ਕਿਸੇ ਨਿਜੀ ਜ਼ਰੂਰਤ ਪੂਰੀ ਕਰਨ ਵਾਸਤੇ ਜਾਣਾ ਜ਼ਰੂਰੀ ਸੀ ਪਰ ਫਿਰ ਉਨ੍ਹਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਭਾਰਤ ਦੇ ਲੋਕਤੰਤਰ ਨੂੰ ਇਕ ਜਾਨਦਾਰ, ਦਮਦਾਰ ਵਿਰੋਧੀ ਧਿਰ ਦੀ ਜ਼ਰੂਰਤ ਹੈ। ਜ਼ੁਬੇਰ ਖ਼ਾਨ ਦੇ ਕੇਸ ਵਿਚ ਕੋਈ ਦਮ ਨਹੀਂ। ਕਿਸੇ ਸਰਕਾਰੀ ਏਜੰਸੀ ਨੂੰ ਅਪਣਾ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਪਰ ਕੋਈ ਦਮਦਾਰ ਆਵਾਜ਼ ਇਸ ਦੇ ਵਿਰੋਧ ਵਿਚ ਖੜੀ ਨਜ਼ਰ ਨਹੀਂ ਆ ਰਹੀ। ਫ਼ਾਲਤੂ ਗੱਲਾਂ ਵਿਚ ਦੇਸ਼ ਨੂੰ ਉਲਝਾਉਣ ਵਿਚ ਜੁਟੇ ਹਨ। 2018 ਵਿਚ ਕਹੀ ਗੱਲ ਦਾ ਅੱਜ ਕੀ ਅਸਰ ਪਵੇਗਾ? ਕੁੱਝ ਵੀ ਨਹੀਂ ਪਰ ਪੂਰੇ ਦੇਸ਼ ਦੀ ਸਰਕਾਰ ਦੀ ਤਾਕਤ ਜ਼ੁਬੇਰ ਖ਼ਾਨ ਕੇਸ ਤੇ ਲੱਗੀ ਹੋਈ ਹੈ ਤੇ ਸੁਪਰੀਮ ਕੋਰਟ ਦੀ ਕੌੜੀ ਟਿਪਣੀ ਦੇਸ਼ ਵਿਚ ਨਹੀਂ ਵਿਦੇਸ਼ਾਂ ਵਿਚ ਵੀ ਸੁਣੀ ਜਾਵੇਗੀ।
ਲੋਕ ਇਹੀ ਸੁਣਨਗੇ ਕਿ ਭਾਰਤ ਸਰਕਾਰ ਕੋਲੋਂ ਨੁਪੂਰ ਸ਼ਰਮਾ ਫੜੀ ਨਹੀਂ ਗਈ ਪਰ ਉਸ ਦੀ ਗੱਲ ਤੇ ਰੋਸ਼ਨੀ ਪਾਉਣ ਵਾਲੇ ਜ਼ੁਬੇਰ ਤੇ ਫ਼ਰਜ਼ੀ ਪਰਚੇ ਕੀਤੇ ਗਏ। ਸਾਨੂੰ ਨੁਪੂਰ ਸ਼ਰਮਾ ਵਰਗੇ ਲੋਕਾਂ ਦੀ ਜ਼ਰੂਰਤ ਨਹੀਂ ਬਲਕਿ ਇਕ ਅਜਿਹੀ ਆਵਾਜ਼ ਚਾਹੀਦੀ ਹੈ ਜੋ ਭਾਰਤ ਦੀ ਆਰਥਕਤਾ ਨੂੰ ਸੁਧਾਰਨ ਤੇ 70 ਫ਼ੀ ਸਦੀ ਗ਼ਰੀਬ ਭਾਰਤ ਨੂੰ ਕੋਈ ਸਚਮੁਚ ਦੀ ਰਾਹਤ ਦੇਣ ਦੀ ਗੱਲ ਕਰੇ। ਉਹ ਆਵਾਜ਼ ਜਿਸ ਤੋਂ ਸਰਕਾਰ ਵੀ ਡਰੇ ਤੇ ਸੰਵਿਧਾਨ ਦੀ ਉਲੰਘਣਾ ਕਰਨ ਤੋਂ ਪਹਿਲਾਂ ਸੋਚੇ ਕਿ ਉਹ ਆਵਾਜ਼ ਬਵਾਲ ਤਾਂ ਨਹੀਂ ਮਚਾ ਦੇਵੇਗੀ? ਉਹ ਆਵਾਜ਼ ਜੋ ਬਹੁ ਗਿਣਤੀ ਤੇ ਘੱਟ ਗਿਣਤੀ ਵਿਚ ਕੋਈ ਫ਼ਰਕ ਨਾ ਕਰੇ, ਹਰ ਇਕ ਨੂੰ ਬਰਾਬਰ ਦਾ ਇਨਸਾਫ਼ ਦੇਵੇ ਤੇ ਭਾਰਤ ਨੂੰ ਸਚਮੁਚ ਦਾ ਸੈਕੁਲਰ (ਧਰਮ ਨਿਰਪੱਖ) ਹਿੰਦੁਸਤਾਨ ਬਣਾਵੇ।ਇਕ ਨਵੀਂ ਸਿਆਸੀ ਸੋਚ ਦੀ ਲੋੜ ਹੈ ਜੋ ਸੰਵਿਧਾਨ ਦੀ ਰਾਖੀ ਕਰੇ ਕਿਉਂਕਿ ਭਾਰਤ ਦੀ ਰੂਹ ਉਸ ਸੰਵਿਧਾਨ ਵਿਚ ਹੈ। ਜੇ ਇਹ ਆਵਾਜ਼ ਨਾ ਨਿਤਰੀ ਤਾਂ ਫਿਰ ਸਾਰੇ ਹੀ ਉਧਵ ਠਾਕਰੇ ਵਾਂਗ ਹਾਰ ਮੰਨਦੇ ਜਾਣਗੇ ਤੇ ਲੋਕ-ਤੰਤਰੀ ਭਾਰਤ ਨੂੰ ਪਨਪਦਾ ਵੇਖਣ ਦੇ ਚਾਹਵਾਨ ਵੇਖਦੇ ਹੀ ਰਹਿ ਜਾਣਗੇ।
- ਨਿਮਰਤ ਕੌਰ