
ਕਿਹਾ, ਅਕਾਦਮਿਕ ਆਜ਼ਾਦੀ ਦੀ ਉਲੰਘਣਾ ਤੋਂ ਬਾਅਦ ਅਸ਼ੋਕਾ ’ਵਰਸਿਟੀ ’ਚ ਮੇਰਾ ਰਹਿਣਾ ਨਾਜਾਇਜ਼ ਹੁੰਦਾ
ਦਾਸ ਦੀ ਹਮਾਇਤ ’ਚ ਹੁਣ ਤਕ ਦੇਸ਼ ਭਰ ਦੀਆਂ 91 ਸੰਸਥਾਵਾਂ ਦੇ 320 ਅਰਥ ਸ਼ਾਸਤਰੀ ਉਤਰੇ, ਅਹੁਦੇ ’ਤੇ ਮੁੜ ਬਹਾਲੀ ਦੀ ਮੰਗ ਕੀਤੀ
ਨਵੀਂ ਦਿੱਲੀ: ਅਸ਼ੋਕ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਸਬਿਆਸਾਚੀ ਦਾਸ ਦੇ ਅਸਤੀਫ਼ੇ ਕਾਰਨ ਪੈਦਾ ਵਿਵਾਦ ਨੂੰ ਲੈ ਕੇ ਅਪਣਾ ਅਹੁਦਾ ਛੱਡ ਦੇਣ ਵਾਲੇ ਇਕ ਹੋਰ ਪ੍ਰੋਫ਼ੈਸਰ ਪੁਲਾਪਰੇ ਬਾਲਕ੍ਰਿਸ਼ਣਨ ਨੇ ਕਿਹਾ ਹੈ ਕਿ ’ਵਰਸਿਟੀ ਵਲੋਂ ਦਾਸ ਦੇ ਖੋਜ ਪੱਤਰ ’ਤੇ ਪ੍ਰਤੀਕਿਰਿਆ ਵਜੋਂ ਫੈਸਲਾ ਲੈਣ ’ਚ ਗੰਭੀਰ ਭੁੱਲ ਕੀਤੀ ਅਤੇ ਅਕਾਦਮਿਕ ਆਜ਼ਾਦੀ ਦਾ ਉਲੰਘਣ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਵੇਖਦਿਆਂ ਉਨ੍ਹਾਂ ਦਾ ਅਹੁਦੇ ’ਤੇ ਬਣਿਆ ਰਹਿਣਾ ਨਾਜਾਇਜ਼ ਹੁੰਦਾ।
ਅਰਥਸ਼ਾਸਤਰ ਵਿਭਾਗ ਦੇ ਪ੍ਰੋਫ਼ੈਸਰ ਬਾਲਕ੍ਰਿਸ਼ਣਨ ਨੇ ਸਨਿਚਰਵਾਰ ਨੂੰ ਅਸ਼ੋਕ ਯੂਨੀਵਰਸਿਟੀ ਦੇ ਚਾਂਸਲਰ ਰੁਦਰਾਕਸ਼ੂ ਮੁਖਰਜੀ ਅਤੇ ਅਸ਼ੋਕਾ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਟਰੱਸਟੀ ਪ੍ਰਥਮ ਰਾਜ ਸਿਨਹਾ ਨੂੰ ਚਿੱਠੀ ਲਿਖ ਕੇ ਅਪਣੇ ਅਸਤੀਫ਼ਾ ਦੇ ਕਾਰਨ ਦਸਿਆ। ਬਾਲਕ੍ਰਿਸ਼ਣਨ 2015 ’ਚ ਇਸ ਨਿਜੀ ’ਵਰਸਿਟੀ ਨਾਲ ਜੁੜੇ ਸਨ।
ਬਾਲਕ੍ਰਿਸ਼ਣਨ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਮੰਨਦੇ ਹਨ ਕਿ ‘ਸੋਸ਼ਲ ਮੀਡੀਆ ’ਤੇ (ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ’ਚ’) ਲੋਕਤੰਤਰੀ ਗਿਰਾਵਟ ’ਤੇ ਦਾਸ ਦੇ ਖੋਜ ਪੱਤਰ ਨੇ ਲੋਕਾਂ ਦਾ ਜੋ ਧਿਆਨ ਖਿੱਚਿਆ, ਉਸ ’ਤੇ ਪ੍ਰਤੀਕਿਰਿਆ ਵਜੋਂ ਫੈਸਲਾ ਕਰਨ ’ਚ ਗੰਭੀਰ ਭੁੱਲ ਹੋਈ।’’
ਉਨ੍ਹਾਂ ਦੋ ਪੰਨਿਆਂ ਦੀ ਚਿੱਠੀ ’ਚ ਲਿਖਿਆ ਹੈ, ‘‘ਪ੍ਰਤੀਕਿਰਿਆ ਵੱਜੋਂ ਅਕਾਦਮਿਕ ਆਜ਼ਾਦੀ ਦੀ ਉਲੰਘਣਾ ਕੀਤੀ ਗਈ। ਅਜਿਹੇ ’ਚ ਮੇਰਾ ਅਹੁਦੇ ’ਤੇ ਬਣਿਆ ਰਹਿਣਾ ਨਾਜਾਇਜ਼ ਹੁੰਦਾ।’’
ਚਿੱਠੀ ’ਚ ਉਨ੍ਹਾਂ ਇਹ ਵੀ ਕਿਹਾ ਹੈ ਕਿ ਯੂਨੀਵਰਸਿਟੀ ਨੇ ਜਮਾਤ ’ਚ ਉਨ੍ਹਾਂ ਦੇ ਵਿਚਾਰਾਂ ’ਤੇ ਜਾਂ ਜਦੋਂ ਉਨ੍ਹਾਂ ਨੇ ਮੀਡੀਆ ’ਚ ਲਿਖਿਆ ਅਤੇ ਅਧਿਕਾਰਾਂ ਲਈ ਉਹ ਸੜਕਾਂ ’ਤੇ ਉਤਰੇ, ਤਾਂ ਉਨ੍ਹਾਂ ’ਤੇ ‘ਥੋੜ੍ਹੀ ਜਿਹੀ ਵੀ ਪਾਬੰਦੀ ਨਹੀਂ’ ਲਾਈ।
ਆਕਸਫ਼ੋਰਡ ਯੂਨੀਵਰਸਿਟੀ, ਭਾਰਤੀ ਅੰਕੜਾ ਸੰਸਥਾਨ, ਕੋਸ਼ੀਕੋਡ ਸਥਿਤ ਭਾਰਤੀ ਮੈਨੇਜਮੈਂਟ ਇੰਸਟੀਚਿਊਟ ਅਤੇ ਵਿਸ਼ਵ ਬੈਂਕ ’ਚ ਕੰਮ ਕਰਨ ਤੋਂ ਬਾਅਦ ਬਾਲਕ੍ਰਿਸ਼ਣਨ ਅਸ਼ੋਕ ਯੂਨੀਵਰਸਿਟੀ ਨਾਲ ਜੁੜੇ ਸਨ।
ਉਨ੍ਹਾਂ ਕਿਹਾ ਕਿ ਦਾਸ ਨੇ ਜਿਸ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ, ਉਸੇ ਅਹੁਦੇ ’ਤੇ ਉਨ੍ਹਾਂ ਨੂੰ ਵਾਪਸ ਸੱਦਣ ਦੇ ਸੰਚਾਲਨ ਮੰਡਲ ਦੇ ਕਥਿਤ ਫੈਸਲੇ ਦਾ ਉਹ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਖ਼ਬਰ ਸੱਚ ਨਹੀਂ ਹੈ ਤਾਂ ਉਹ ’ਵਰਸਿਟੀ ਨੂੰ ਅਜਿਹਾ ਕਰਨ ’ਤੇ ਵਿਚਾਰ ਕਰਨ ਦੀ ਅਪੀਲ ਕਰਨਗੇ। ਉਨ੍ਹਾਂ ਅੱਗੇ ਕਿਹਾ, ‘‘ਜਿੱਥੋਂ ਤਕ ਮੇਰੀ ਗੱਲ ਹੈ, ਤਾਂ ਮੈਂ ਅਲਵਿਦਾ ਕਹਿ ਰਿਹਾ ਹਾਂ।’’
ਪਿੱਛੇ ਜਿਹ ਪ੍ਰਕਾਸ਼ਤ ‘ਇੰਡੀਆਜ਼ ਇਕੋਨੋਮੀ ਫ਼ਰਾਮ ਨਹਿਰੂ ਟੂ ਮੋਦੀ’ ਸਮੇਤ ਕਈ ਮਸ਼ਹੂਰ ਪੁਸਤਕਾਂ ਦੇ ਲੇਖਕ ਬਾਲਕ੍ਰਿਸ਼ਣਨ ਨੇ ਕਿਹਾ ਕਿ ਉਨ੍ਹਾਂ ਨੇ ਸਮੈਸਟਰ ਲਈ ਰੁਕਣ ਅਤੇ ਅਪਣੀ ਅਧਿਆਪਨ ਜ਼ਿੰਮੇਵਾਰੀ ਪੂਰੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ, ‘‘ਕਿਸੇ ਵੀ ਸਥਿਤੀ ’ਚ ਮੈਂ ਇੱਥੇ ਲੰਮ ਸਮੇਂ ਤਕ ਨਹੀਂ ਰਹਿਣ ਜਾ ਰਿਹਾ ਹਾਂ।’’
ਕੀ ਹੈ ਵਿਵਾਦ?
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਾਸ ਨੇ ‘ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਲੋਕਤੰਤਰ ਦਾ ਪਿਛਾਂਹ ਸਰਕਣਾ’ ਸਿਰਲੇਖ ਵਾਲਾ ਇਕ ਪੇਪਰ 25 ਜੁਲਾਈ ਨੂੰ SSRN (ਸੋਸ਼ਲ ਸਾਇੰਸ ਰਿਸਰਚ ਨੈੱਟਵਰਕ) ਦੀ ਵੈੱਬਸਾਈਟ ’ਤੇ ਸਮੀਖਿਆ ਲਈ ਪੋਸਟ ਕੀਤਾ। ਅਸ਼ੋਕ ’ਵਰਸਿਟੀ ਨੇ ਉਨ੍ਹਾਂ ਦੇ ਇਸ ਖੋਜ ਪੱਤਰ ਤੋਂ ਦੂਰੀ ਬਣਾ ਲਈ ਸੀ ਜਿਸ ਦੇ ਵਿਰੋਧ ਵਜੋਂ ਦਾਸ ਨੇ ਇਕ ਪੰਦਰਵਾੜੇ ਬਾਅਦ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫੈਸਰ ਦਾਸ ਨੇ ਇਸ ਪੇਪਰ ’ਚ ਦਲੀਲ ਦਿਤੀ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੀਤੇ ਗਏ ਚੋਣ ਵਿਤਕਰੇ ਦੇ ਰੂਪ ’ਚ ਚੋਣ ਹੇਰਾਫੇਰੀ ਦੇ ਨਤੀਜੇ ਵਜੋਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਚੋਣ ਨਿਗਰਾਨਾਂ ਵਲੋਂ ਕਮਜ਼ੋਰ ਨਿਗਰਾਨੀ ਕਾਰਨ ਵੀ ਹੇਰਾਫੇਰੀ ’ਓ ਕੁਝ ਹੱਦ ਤਕ ਮਦਦ ਮਿਲੀ ਹੋ ਸਕਦੀ ਹੈ।
ਦਾਸ ਦੀ ਹਮਾਇਤ ’ਚ ਹੁਣ ਤਕ ਦੇਸ਼ ਭਰ ਦੀਆਂ 91 ਸੰਸਥਾਵਾਂ ਦੇ 320 ਅਰਥ ਸ਼ਾਸਤਰੀ ਉਤਰੇ ਹਨ, ਜਿਨ੍ਹਾਂ ਨੇ ਅਸ਼ੋਕਾ ਯੂਨੀਵਰਸਿਟੀ ਨੂੰ ਮੰਗ ਕੀਤੀ ਹੈ ਕਿ ਦਾਸ ਨੂੰ ਤੁਰਤ ਬਹਾਲ ਕੀਤਾ ਜਾਵੇ।
ਦਾਸ ਨਾਲ ਇਕਜੁਟਤਾ ਪ੍ਰਗਟ ਕਰਨ ਵਾਲੇ ਇਕ ਬਿਆਨ ’ਚ, ਅਰਥਸ਼ਾਸਤਰੀਆਂ ਨੇ ਕਿਹਾ, ‘‘ਅਸੀਂ, ਭਾਰਤ ’ਚ ਕੰਮ ਕਰ ਰਹੇ ਅਰਥ ਸ਼ਾਸਤਰੀ, ਮੰਨਦੇ ਹਾਂ ਕਿ ਅਕਾਦਮਿਕ ਆਜ਼ਾਦੀ ਇਕ ਜੀਵੰਤ ਵਿਦਿਅਕ ਅਤੇ ਖੋਜ ਭਾਈਚਾਰੇ ਦੀ ਨੀਂਹ ਹੈ, ਅਤੇ ਇਹ ਕਿ ਹਰ ਕਿਸੇ ਨੂੰ ਗਿਆਨ ਪ੍ਰਾਪਤ ਕਰਨ, ਅਪਣੀਆਂ ਖੋਜਾਂ ਸਾਂਝੀਆਂ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ, ਉਹ ਵੀ ਬਗ਼ੈਰ ਕਿਸੇ ਸੈਂਸਰਸ਼ਿਪ ਜਾਂ ਬਦਲੇ ਦੇ ਡਰ ਤੋਂ।