
ਵਿਜਯਨ ਨੇ ਬੈਂਕਾਂ ਨੂੰ ਵਾਇਨਾਡ ਜ਼ਮੀਨ ਖਿਸਕਣ ’ਚ ਮਾਰੇ ਗਏ ਅਤੇ ਪ੍ਰਭਾਵਤ ਲੋਕਾਂ ਦੇ ਕਰਜ਼ੇ ਮੁਆਫ ਕਰਨ ਦੀ ਕੀਤੀ ਅਪੀਲ
Wayanad landslides : ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੋਮਵਾਰ ਨੂੰ ਵੱਖ-ਵੱਖ ਬੈਂਕਾਂ ਨੂੰ ਕੇਰਲ ਦੇ ਵਾਇਨਾਡ ’ਚ ਜ਼ਮੀਨ ਖਿਸਕਣ ’ਚ ਮਾਰੇ ਗਏ ਅਤੇ ਪ੍ਰਭਾਵਤ ਲੋਕਾਂ ਦਾ ਕਰਜ਼ਾ ਮੁਆਫ ਕਰਨ ਦੀ ਅਪੀਲ ਕੀਤੀ।
ਵਿਜਯਨ ਦੀ ਇਹ ਟਿਪਣੀ ਕੇਰਲ ਗ੍ਰਾਮੀਣ ਬੈਂਕ ਦੇ ਸਖ਼ਤ ਵਿਰੋਧ ਦੇ ਵਿਚਕਾਰ ਆਈ ਹੈ। ਬੈਂਕ ਨੇ ਵਾਇਨਾਡ ’ਚ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਲੋਕਾਂ ’ਚੋਂ ਇਕ ਦੇ ਖਾਤੇ ’ਚੋਂ ਮਹੀਨਾਵਾਰ ਕਿਸਤ ਦੇ ਰੂਪ ’ਚ 15,000 ਰੁਪਏ ਕੱਟ ਲਏ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਸੋਮਵਾਰ ਨੂੰ ਕਲਪੇਟਾ ’ਚ ਬੈਂਕ ਦੀ ਸ਼ਾਖਾ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।
ਜਦਕਿ ਮੁੱਖ ਮੰਤਰੀ ਕਿਹਾ ਕਿ ਕਰਜ਼ਾ ਮੁਆਫ ਕਰਨ ਨਾਲ ਬੈਂਕਾਂ ’ਤੇ ਕੋਈ ਅਸਹਿ ਬੋਝ ਨਹੀਂ ਪਵੇਗਾ ਅਤੇ ਇਸ ਲਈ ਇਸ ਨੂੰ ਪੂਰੀ ਤਰ੍ਹਾਂ ਮੁਆਫ ਕੀਤਾ ਜਾਣਾ ਚਾਹੀਦਾ ਹੈ।
ਇੱਥੇ ਰਾਜ ਪੱਧਰੀ ਬੈਂਕਰਾਂ ਦੀ ਕਮੇਟੀ (ਐਸ.ਐਲ.ਬੀ.ਸੀ.) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਆਜ ਮੁਆਫ ਕਰਨ ਜਾਂ ਮਹੀਨਾਵਾਰ ਕਿਸਤਾਂ ਜਮ੍ਹਾਂ ਕਰਵਾਉਣ ਦਾ ਸਮਾਂ ਵਧਾਉਣ ਨਾਲ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਰਜ਼ਦਾਰਾਂ ਦੀ ਮੌਤ ਹੋ ਗਈ ਹੈ ਅਤੇ ਤਬਾਹੀ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ ਵਰਤੋਂ ਯੋਗ ਨਹੀਂ ਹੋ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਸਿਰਫ ਇਨ੍ਹਾਂ ਪ੍ਰਭਾਵਤ ਇਲਾਕਿਆਂ ਦੇ ਲੋਕਾਂ ਦਾ ਸਾਰਾ ਕਰਜ਼ਾ ਮੁਆਫ ਕਰ ਸਕਦੇ ਹਾਂ।’’
ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਵਾਇਨਾਡ ਦੇ ਮੁੰਡਕਾਈ ਅਤੇ ਚੁਰਾਲਾਮਾਲਾ ਖੇਤਰਾਂ ’ਚ ਜ਼ਮੀਨ ਖਿਸਕਣ ਨਾਲ ਦੋਵੇਂ ਖੇਤਰ ਤਬਾਹ ਹੋ ਗਏ ਸਨ, ਜਿਸ ’ਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ।