
ਇਸ ਮੌਕੇ ਸਾਬਕਾ ਸੰਸਦ ਮੈਂਬਰ ਕੇਵਲ ਸਿੰਘ, ਅਜਾਇਬ ਸਿੰਘ ਭੱਟੀ, ਅਮਰੀਕ ਸਿੰਘ ਆਲੀਵਾਲ ,ਰਣਇੰਦਰ ਸਿੰਘ ਤੇ ਜੈਇੰਦਰ ਕੌਰ ਵੀ ਭਾਜਪਾ 'ਚ ਸ਼ਾਮਲ ਹੋਏ।
ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਆਪਣੇ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਨਵੀਂ ਬਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿਚ ਰਲੇਵਾਂ ਕਰ ਦਿੱਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਕੇਵਲ ਸਿੰਘ, ਅਜਾਇਬ ਸਿੰਘ ਭੱਟੀ, ਅਮਰੀਕ ਸਿੰਘ ਆਲੀਵਾਲ ,ਰਣਇੰਦਰ ਸਿੰਘ ਤੇ ਜੈਇੰਦਰ ਕੌਰ ਵੀ ਭਾਜਪਾ 'ਚ ਸ਼ਾਮਲ ਹੋਏ।
ਕੈਪਟਨ ਅਮਰਿੰਦਰ ਸਿੰਘ ਪਾਰਟੀ ਹੈੱਡਕੁਆਰਟਰ ਵਿਖੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕਿਰਨ ਰਿਜਿਜੂ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਸੀਨੀਅਰ ਭਾਜਪਾ ਆਗੂਆਂ ਦੀ ਮੌਜੂਦਗੀ ਵਿਚ ਕੇਂਦਰ ਦੀ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਏ। ਉਹਨਾਂ ਨਾਲ ਕੁਝ ਹੋਰ ਸੂਬਾਈ ਆਗੂ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ 'ਚ ਸਵਾਗਤ ਕਰਦੇ ਹੋਏ ਤੋਮਰ ਨੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਪੰਜਾਬ 'ਚ ਭਾਜਪਾ ਦੀ ਤਾਕਤ ਵਧੇਗੀ।
ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਦੇਸ਼ ਨੂੰ ਪਾਰਟੀਬਾਜ਼ੀ ਤੋਂ ਉੱਪਰ ਰੱਖਿਆ ਹੈ। ਉਹਨਾਂ ਕਿਹਾ, “ਕੈਪਟਨ ਸਾਬ੍ਹ ਦੀ ਸੋਚ ਭਾਜਪਾ ਨਾਲ ਮੇਲ ਖਾਂਦੀ ਰਹੀ ਹੈ। ਜਿਸ ਤਰ੍ਹਾਂ ਭਾਜਪਾ ਲਈ ਦੇਸ਼ ਸਭ ਤੋਂ ਪਹਿਲਾਂ ਹੈ, ਉਸੇ ਤਰ੍ਹਾਂ ਕੈਪਟਨ ਨੇ ਆਪਣੀ ਜ਼ਿੰਦਗੀ 'ਚ ਰਾਸ਼ਟਰ ਸਭ ਤੋਂ ਪਹਿਲਾਂ ਦੇ ਸਿਧਾਂਤ ਨੂੰ ਅਪਣਾਇਆ”।
ਇਸ ਮੌਕੇ ਕੈਪਟਨ ਨੇ ਕਿਹਾ ਕਿ, “ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਮੈਂ ਪਾਕਿਸਤਾਨ ਨਾਲ ਸਾਡੇ ਸਬੰਧ ਵਿਗੜਦੇ ਦੇਖੇ ਹਨ। ਡਰੋਨ ਸਾਡੇ ਖੇਤਰ ਵਿਚ ਆ ਰਹੇ ਹਨ। ਚੀਨ ਵੀ ਸਾਡੇ ਤੋਂ ਦੂਰ ਨਹੀਂ ਹੈ। ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਸੂਬੇ ਅਤੇ ਦੇਸ਼ ਦੀ ਰੱਖਿਆ ਕਰੀਏ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਨਾਲ ਜੁੜਿਆ ਜਾਵੇ”। ਇਸ ਤੋਂ ਪਹਿਲਾਂ ਕੈਪਟਨ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ।