
ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ 'ਚ ਜਾਣ ਦਾ ਕੋਈ ਪ੍ਰੋਗਰਾਮ ਨਹੀਂ : ਪ੍ਰਨੀਤ ਕੌਰ
ਕਿਹਾ, ਕਾਂਗਰਸੀ ਸੰਸਦ ਮੈਂਬਰ ਹਾਂ, ਪਾਰਟੀ 'ਚ ਰਹਾਂਗੀ
ਡੇਰਾਬੱਸੀ, 17 ਸਤੰਬਰ (ਗੁਰਜੀਤ ਸਿੰਘ ਈਸਾਪੁਰ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ, ਪਰ ਉਹ ਕਾਂਗਰਸ ਵਿਚ ਹੀ ਰਹਿਣਗੇ, ਉਨ੍ਹਾਂ ਦਾ ਭਾਜਪਾ ਵਿਚ ਜਾਣ ਦਾ ਕੋਈ ਪੋ੍ਰਗਰਾਮ ਨਹੀਂ ਹੈ | ਕਾਂਗਰਸੀ ਸੰਸਦ ਮੈਂਬਰ ਵਜੋਂ ਅਪਣੀ ਜ਼ਿੰਮੇਵਾਰੀ ਪਹਿਲਾਂ ਵੀ ਨਿਭਾਈ ਅਤੇ ਹੁਣ ਵੀ ਨਿਭਾ ਰਹੇ ਹਨ |
ਡੇਰਾਬੱਸੀ ਵਿਖੇ ਪੁਸ਼ਪਿੰਦਰ ਮਹਿਤਾ ਦੀ ਮਾਤਾ ਦੇ ਅੰਤਮ ਸਸਕਾਰ ਮੌਕੇ ਸਾਬਕਾ ਚੇਅਰਮੈਨ ਐਸ. ਐਮ. ਐਸ. ਸੰਧੂ ਦੇ ਨਾਲ ਸ਼ਾਮਲ ਹੋਣ ਤੋਂ ਬਾਅਦ ਇਕ ਸਵਾਲ ਦੇ ਜਵਾਬ ਮੌਕੇ ਪ੍ਰਨੀਤ ਕੌਰ ਨੇ ਦਾਅਵਾ ਕੀਤਾ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਵੀ ਜ਼ਰੂਰ ਲੜਣਗੇ | ਚੋਣ ਲੜਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਵਿਚ ਹਾਂ ਅਤੇ ਕਾਂਗਰਸ ਦੀ ਹੀ ਗੱਲ ਕਰਾਂਗੀ | ਉਨ੍ਹਾਂ ਕਿਹਾ ਕਿ ਉਹ ਉਦੋਂ ਤਕ ਕਾਂਗਰਸ ਵਿਚ ਹੀ ਰਹਿਣਗੇ ਜਦੋਂ ਤਕ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਕੱਢਣ ਦਾ ਹੁਕਮ ਨਹੀਂ ਦਿੰਦੇ | ਪ੍ਰਨੀਤ ਕੌਰ ਨੇ ਕਿਹਾ ਕਿ ਭਾਵੇਂ ਪਟਿਆਲਾ ਦੀ ਸਿਆਸਤ ਵਿਚ ਸਰਗਰਮ ਹਨ ਪਰ ਮੌਜੂਦਾ ਤਿਉਹਾਰੀ ਸੀਜ਼ਨ ਤੋਂ ਬਾਅਦ ਉਹ ਡੇਰਾਬੱਸੀ ਹਲਕੇ ਵਿਚਲੇ ਲੋਕਾਂ ਵਿਚ ਸਰਗਰਮ ਨਜ਼ਰ ਆਉਣਗੇ | ਉਨ੍ਹਾਂ ਇਹ ਵੀ ਕਿਹਾ ਕਿ ਐਮ.ਪੀ. ਫੰਡਾਂ ਦੇ ਅਪਣੇ ਕੋਟੇ ਦੀ 100 ਫ਼ੀ ਸਦੀ ਵਰਤੋਂ ਕੀਤੀ ਹੈ ਅਤੇ ਪਹਿਲੇ ਪੜਾਅ ਵਿਚ ਉਨ੍ਹਾਂ ਨੂੰ ਜਾਰੀ ਕੀਤੇ ਫੰਡਾਂ ਵਿਚ ਜ਼ੀਰੋਂ ਬੈਲੇਂਸ ਹੈ |
ਫੋਟੋ ਕੈਪਸ਼ਨ 02 ਡੇਰਾਬੱਸੀ ਵਿਖੇ ਐਮ.ਪੀ. ਪ੍ਰਨੀਤ ਕੌਰ ਅਤੇ ਐਸ.ਐਮ.ਐਸ. ਸੰਧੂ |