
ਵਿਰੋਧੀ ਧਿਰ ਨੂੰ ਪਚ ਨਹੀਂ ਰਿਹੈ ‘ਨਾਰੀ ਸ਼ਕਤੀ ਵੰਦਨ ਬਿਲ’ ਦਾ ਪੇਸ਼ ਕਰਨਾ : ਸ਼ਾਹ
ਨਵੀਂ ਦਿੱਲੀ: ਕੇਂਦਰੀ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਸਰਕਾਰ ਦੀ ਤਰਫੋਂ ਸੰਸਦ ਦੇ ਹੇਠਲੇ ਸਦਨ, ਵਿਧਾਨ ਸਭਾਵਾਂ ਅਤੇ ਦਿੱਲੀ ਵਿਚ ਔਰਤਾਂ ਨੂੰ ਇਕ ਤਿਹਾਈ ਰਾਖਵਾਂਕਰਨ ਪ੍ਰਦਾਨ ਕਰਨ ਨਾਲ ਸਬੰਧਤ ਪੇਸ਼ ਕੀਤੇ ਗਏ ‘ਨਾਰੀ ਸ਼ਕਤੀ ਵੰਦਨ ਬਿਲ’ ਨੂੰ ‘ਇਤਿਹਾਸਕ’ ਕਦਮ ਦਸਦੇ ਹੋਏ ਕਿਹਾ ਕਿ ਇਸ ਨਾਲ ਔਰਤਾਂ ਨੂੰ ਸਹੀ ਅਰਥਾਂ ’ਚ ਉਨ੍ਹਾਂ ਦੇ ਅਧਿਕਾਰ ਮਿਲਣਗੇ ਅਤੇ ਸਮਾਜ ’ਚ ਵੱਡਾ ਸਕਾਰਾਤਮਕ ਬਦਲਾਅ ਆਵੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਪੋਸਟ ’ਚ ਕਿਹਾ, ‘‘ਅੱਜ ਲੋਕ ਸਭਾ ’ਚ ਪੇਸ਼ ਕੀਤਾ ਗਿਆ ‘ਨਾਰੀ ਸ਼ਕਤੀ ਵੰਦਨ ਐਕਟ’ ਇਕ ਅਜਿਹਾ ਫੈਸਲਾ ਹੈ ਜੋ ਸਾਡੀਆਂ ਔਰਤਾਂ ਨੂੰ ਸਹੀ ਅਰਥਾਂ ’ਚ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਵਿਖਾਇਆ ਹੈ ਕਿ ‘ਮਹਿਲਾ-ਅਗਵਾਈ’ ਮੋਦੀ ਸਰਕਾਰ ਦਾ ਨਾਅਰਾ ਨਹੀਂ, ਸਗੋਂ ਸੰਕਲਪ ਹੈ।’’ ਇਸ ਨੂੰ ‘ਇਤਿਹਾਸਕ ਫੈਸਲਾ’ ਕਰਾਰ ਦਿੰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਉਨ੍ਹਾਂ ਵਿਰੋਧੀ ਧਿਰ ਵਲੋਂ ਬਿਲ ਨੂੰ ‘ਚੋਣ ਜੁਮਲਾ’ ਕਰਾਰ ਦਿਤੇ ਜਾਣ ’ਤੇ ਵਿਰੋਧੀ ਪਾਰਟੀਆਂ ’ਤੇ ਪਲਟਵਾਰ ਕੀਤਾ ਅਤੇ ਦੋਸ਼ ਲਾਇਆ ਕਿ ਉਹ ਇਸ ਕਦਮ ਨੂੰ ਪਚਾ ਨਹੀਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਕੋਨੇ-ਕੋਨ ’ਚ ਲੋਕ ਸੰਸਦ ਅੰਦਰ ਨਾਰੀ ਸ਼ਕਤੀ ਵੰਦਨ ਬਿਲ ਪੇਸ਼ ਕੀਤੇ ਜਾਣ ਦਾ ਜਸ਼ਨ ਮਨਾ ਰਹੇ ਹਨ ਅਤੇ ਇਹ ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਮੋਦੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘‘ਇਹ ਦਿਨ ਭਾਰਤ ਦੇ ਸੰਸਦੀ ਲੋਕਤੰਤਰ ’ਚ ਸਦਾ ਲਈ ਅਮਰ ਹੋ ਗਿਆ ਹੈ, ਕਿਉਂਕਿ ਇਕ ਪਾਸੇ ਸੰਸਦ ਦੀ ਨਵੀਂ ਇਮਾਰਤ ਦਾ ‘ਸ੍ਰੀ ਗਣੇਸ਼’ ਹੋਇਆ ਹੈ, ਦੂਜੇ ਪਾਸੇ ਅੱਜ ਲੋਕ ਸਭਾ ’ਚ ਪ੍ਰਧਾਨ ਮੰਤਰੀ ਮੋਦੀ ਨੇ ‘ਨਾਰੀ ਸ਼ਕਤੀ ਵੰਦਨ ਐਕਟ’ ਪੇਸ਼ ਕੀਤਾ। ਲਾਂਚ ਕਰਨ ਦਾ ਐਲਾਨ ਕਰ ਕੇ, ਅਸੀਂ ਨਵਾਂ ਅਧਿਆਏ ਲਿਖਣਾ ਸ਼ੁਰੂ ਕਰ ਦਿਤਾ ਹੈ।’’
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲੋਕ ਸਭਾ ’ਚ ਪੇਸ਼ ਕੀਤਾ ਗਿਆ ‘ਨਾਰੀ ਸ਼ਕਤੀ ਵੰਦਨ’ ਬਿਲ ਦੇਸ਼ ਦੇ ਲੋਕਤੰਤਰ ’ਚ ਇ ਕ ਹੋਰ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਦੀ ਮਹਿਲਾ ਸ਼ਕਤੀ ਨੂੰ ਸਹੀ ਅਰਥਾਂ ’ਚ ਉਨ੍ਹਾਂ ਦੇ ਅਧਿਕਾਰ ਮਿਲ ਜਾਣਗੇ। ਉਨ੍ਹਾਂ ਕਿਹਾ, ‘‘ਮਹਿਲਾ ਮਜ਼ਬੂਤੀਕਰਨ ਮੋਦੀ ਸਰਕਾਰ ਲਈ ਸਿਰਫ਼ ਇਕ ਸੰਕਲਪ ਨਹੀਂ ਹੈ, ਸਗੋਂ ਇਹ ਸਾਡਾ ਸੰਕਲਪ ਹੈ। ਮੈਂ ਇਸ ਵਿਸ਼ੇਸ਼ ਅਤੇ ਇਤਿਹਾਸਕ ਫੈਸਲੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਦਿਲੋਂ ਵਧਾਈ ਦਿੰਦਾ ਹਾਂ।’’