ਰੇਵਾੜੀ ਦੇ ਕੇਐਲਪੀ ਕਾਲਜ ’ਚ ਉਤਾਰਿਆ ਗਿਆ ਸੀ ਚੌਪਰ
ਰੇਵਾੜੀ: ਹਰਿਆਣਾ ਦੇ ਰੇਵਾੜੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਦਿੱਲੀ ਪਰਤ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੌਪਰ ਨੂੰ ਖ਼ਰਾਬ ਮੌਸਮ ਕਾਰਨ ਰੇਵਾੜੀ ਵਿਚ ਅਚਾਨਕ ਐਮਰਜੈਂਸੀ ਲੈਂਡਿੰਗ ਕਰਨੀ ਪਈ ਤਾਂ ਇਸ ਦੌਰਾਨ ਰਾਹੁਲ ਗਾਂਧੀ ਸਥਾਨਕ ਲੜਕਿਆਂ ਨਾਲ ਕ੍ਰਿਕਟ ਖੇਡਣ ਲੱਗ ਗਏ ਪਰ ਜਦੋਂ ਮੌਸਮ ਸਹੀ ਨਾ ਹੋਇਆ ਤਾਂ ਉਹ ਸੜਕੀ ਰਸਤੇ ਦਿੱਲੀ ਪਰਤੇ। ਉਨ੍ਹਾਂ ਦਾ ਹੈਲੀਕਾਪਟਰ ਰੇਵਾੜੀ ਦੇ ਕੇਐਲਪੀ ਕਾਲਜ ਵਿਚ ਉਤਾਰਿਆ ਗਿਆ ਸੀ।
ਦਰਅਸਲ ਇਸ ਰੈਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਬੋਧਨ ਕਰਨਾ ਸੀ ਪਰ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਕਾਰਨ ਰਾਹੁਲ ਗਾਂਧੀ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਆਏ ਸਨ। ਹਰਿਆਣਾ ਵਿਚ 21 ਅਕਤੂਬਰ ਨੂੰ ਵੋਟਿੰਗ ਹੋਣੀ ਹੈ। ਇਸ ਲਈ ਇੱਥੇ ਚੋਣ ਪ੍ਰਚਾਰ ਕਾਫ਼ੀ ਤੇਜ਼ ਹੋ ਗਿਆ ਹੈ ਪਰ ਖ਼ਰਾਬ ਮੌਸਮ ਕਾਰਨ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਜਦੋਂ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਤਾਂ ਰਾਹੁਲ ਕੁੱਝ ਦੇਰ ਤਕ ਬੱਚਿਆਂ ਦੇ ਨਾਲ ਕ੍ਰਿਕਟ ਖੇਡਣ ਲੱਗ ਗਏ। ਇਸ ਦੌਰਾਨ ਉਨ੍ਹਾਂ ਨੇ ਬੱਲਾ ਫੜ ਕੇ ਕਈ ਸ਼ਾਟ ਲਗਾਏ।
ਰੇਵਾੜੀ ਦੇ ਡਿਪਟੀ ਕਮਿਸ਼ਨਰ ਯਸ਼ੇਂਦਰ ਸਿੰਘ ਮੁਤਾਬਕ ਰਾਹੁਲ ਦੇ ਹੈਲੀਕਾਪਟਰ ਨੂੰ ਸੁਰੱਖਿਅਤ ਉਤਾਰਿਆ ਗਿਆ ਅਤੇ ਕਾਲਜ ਵਿਚ ਸੁਰੱਖਿਆ ਪ੍ਰਬੰਧਕ ਸਖ਼ਤ ਕੀਤੇ ਗਏ ਸਨ, ਸਥਾਨਕ ਪੁਲਿਸ ਨੇ ਕਾਲਜ ਦੇ ਚਾਰੇ ਪਾਸੇ ਘੇਰਾਬੰਦੀ ਕਰ ਲਈ ਸੀ। ਰਾਹੁਲ ਗਾਂਧੀ ਨੇ ਇੱਥੇ ਕਰੀਬ 20 ਮਿੰਟ ਤਕ ਬੱਚਿਆਂ ਨਾਲ ਕ੍ਰਿਕਟ ਖੇਡੀ ਅਤੇ ਬੱਚਿਆਂ ਨਾਲ ਸੈਲਫੀਆਂ ਵੀ ਲਈਆਂ।
ਰੇਵਾੜੀ ਦੇ ਕਾਲਜ ਮੈਦਾਨ ਵਿਚ ਰਾਹੁਲ ਗਾਂਧੀ ਵੱਲੋਂ ਬੱਚਿਆਂ ਨਾਲ ਕ੍ਰਿਕਟ ਖੇਡਣ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਰਾਹੁਲ ਗਾਂਧੀ ਕੁਰਤਾ ਪਜ਼ਾਮਾ ਪਹਿਨੇ ਹੋਏ ਕੁੱਝ ਲੜਕਿਆਂ ਨਾਲ ਕ੍ਰਿਕਟ ਖੇਡਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸਥਾਨਕ ਲੜਕਿਆਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਕਈ ਮਹੀਨੇ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਵੀ ਰਾਹੁਲ ਗਾਂਧੀ ਦਾ ਜਹਾਜ਼ ਖ਼ਰਾਬ ਹੋ ਗਿਆ ਸੀ, ਉਦੋਂ ਵੀ ਰਾਹੁਲ ਗਾਂਧੀ ਕੁੱਝ ਸਥਾਨਕ ਬੱਚਿਆਂ ਨਾਲ ਫੁਰਸਤ ਦੇ ਪਲ਼ ਬਿਤਾਉਂਦੇ ਹੋਏ ਨਜ਼ਰ ਆਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।