
ਲਾਮਾ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਅਹਿੰਸਾ ਅਤੇ ਦਇਆ ਜ਼ਰੂਰੀ ਹਨ
ਧਰਮਸ਼ਾਲਾ - ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਸ਼ਨੀਵਾਰ ਨੂੰ ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨੂੰ 'ਗਾਂਧੀ ਮੰਡੇਲਾ' ਪੁਰਸਕਾਰ ਨਾਲ ਸਨਮਾਨਿਤ ਕੀਤਾ।
ਲਾਮਾ ਨੂੰ ਮੈਕਲੋਡਗੰਜ ਵਿੱਚ ਗਾਂਧੀ ਮੰਡੇਲਾ ਫਾਊਂਡੇਸ਼ਨ ਵੱਲੋਂ ਕਰਵਾਏ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।
ਅਰਲੇਕਰ ਨੇ ਕਿਹਾ ਕਿ ਦਲਾਈ ਲਾਮਾ ਪੁਰਸਕਾਰ ਲਈ 'ਸ਼ਾਇਦ ਅੱਜ ਦੁਨੀਆ ਦੇ ਸਭ ਤੋਂ ਵੱਧ ਯੋਗ ਵਿਅਕਤੀ' ਹਨ ਅਤੇ ਉਨ੍ਹਾਂ ਨੂੰ 'ਸ਼ਾਂਤੀ ਦਾ ਵਿਸ਼ਵ-ਵਿਆਪੀ ਰਾਜਦੂਤ' ਦੱਸਿਆ।
ਉਨ੍ਹਾਂ ਕਿਹਾ ਕਿ ਅਹਿੰਸਾ ਅਤੇ ਦਇਆ ਦੇ ਸਿਧਾਂਤ ਅੱਜ ਦੇ ਸੰਸਾਰ ਵਿੱਚ ਲੋੜੀਂਦੇ ਹਨ, ਕਿਉਂਕਿ ਇਹ ਕਿਸੇ ਵੀ ਫ਼ੌਜ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ।
ਰਾਜਪਾਲ ਨੇ ਕਿਹਾ ਕਿ ਲਾਮਾ ਨੇ ਸਦਭਾਵਨਾ, ਦਇਆ ਅਤੇ ਪਿਆਰ ਦੇ ਪੁਰਾਤਨ ਸੱਭਿਆਚਾਰ ਨੂੰ ਅੱਗੇ ਵਧਾਇਆ ਹੈ।
ਉਨ੍ਹਾਂ ਗਾਂਧੀ ਮੰਡੇਲਾ ਫ਼ਾਊਂਡੇਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਤੋਂ ਬਾਅਦ ਸਿਰਫ਼ ਦਲਾਈ ਲਾਮਾ ਵਿੱਚ ਵਿਸ਼ਵ ਨਾਗਰਿਕ ਹੋਣ ਦੀ ਸਮਰੱਥਾ ਹੈ, ਕਿਉਂਕਿ ਉਹ ਸਰਹੱਦਾਂ ਨਾਲ ਬੱਝੇ ਨਹੀਂ ਹਨ।
ਪੁਰਸਕਾਰ ਪ੍ਰਾਪਤ ਕਰਦੇ ਹੋਏ, ਲਾਮਾ ਨੇ ਕਿਹਾ ਕਿ ਅਹਿੰਸਾ ਅਤੇ ਦਇਆ ਵਿਸ਼ਵ ਸ਼ਾਂਤੀ ਲਈ ਜ਼ਰੂਰੀ ਹਨ, ਅਤੇ ਇਹ ਸਿਧਾਂਤ ਹਜ਼ਾਰਾਂ ਸਾਲਾਂ ਤੋਂ ਭਾਰਤੀ ਸੰਸਕ੍ਰਿਤੀ ਵਿੱਚ ਸ਼ਾਮਲ ਹਨ।
ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਚੀਫ਼ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਲਾਮਾ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ।