
ਹੁਣ ਦੇਸ਼ ਦੇ 15 ਤੋਂ 65 ਸਾਲ ਤੱਕ ਦੇ ਨਾਗਰਿਕ ਆਧਾਰ ਕਾਰਡ ਦੀ ਕਾਨੂੰਨੀ ਦਸਤਾਵੇਜ਼ ਦੇ ਤੌਰ 'ਤੇ ਵਰਤੋਂ ਕਰਦੇ ਹੋਏ ਨੇਪਾਲ ਅਤੇ ਭੂਟਾਨ ਦੀ ਯਾਤਰਾ ਕਰ ਸਕਣਗੇ।
ਨਵੀਂ ਦਿੱਲੀ : ਘੁੰਮਣ ਦਾ ਸ਼ੌਕ ਰੱਖਣ ਵਾਲੇ ਲੋਕਾਂ ਲਈ ਸਰਕਾਰ ਨੇ ਇਕ ਖ਼ਾਸ ਪ੍ਰਬੰਧ ਕੀਤਾ ਹੈ। ਇਸ ਦੇ ਅਧੀਨ ਹੁਣ ਦੇਸ਼ ਦੇ 15 ਤੋਂ 65 ਸਾਲ ਤੱਕ ਦੇ ਨਾਗਰਿਕ ਆਧਾਰ ਕਾਰਡ ਦੀ ਕਾਨੂੰਨੀ ਦਸਤਾਵੇਜ਼ ਦੇ ਤੌਰ 'ਤੇ ਵਰਤੋਂ ਕਰਦੇ ਹੋਏ ਘੁੰਮ ਸਕਣਗੇ। ਪਰ ਅਜਿਹਾ ਸਿਰਫ ਗੁਆਂਢੀ ਦੇਸ਼ ਨੇਪਾਲ ਅਤੇ ਭੂਟਾਨ ਦੀ ਯਾਤਰਾ ਦੌਰਾਨ ਹੋ ਸਕੇਗਾ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸੂਚਨਾ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਹਾਲਾਂਕਿ ਇਹਨਾਂ ਦੋਨਾਂ ਦੇਸ਼ਾਂ ਦੀ ਯਾਤਰਾ 'ਤੇ ਜਾਣ ਲਈ ਭਾਰਤੀਆਂ ਨੂੰ ਵੀਜ਼ਾ ਦੀ ਲੋੜ ਨਹੀਂ ਪੈਂਦੀ ਹੈ।
Ministry of Home Affairs
ਇਸ ਤੋਂ ਪਹਿਲਾਂ 65 ਸਾਲ ਤੋਂ ਵੱਧ ਅਤੇ 15 ਸਾਲ ਤੋਂ ਘੱਟ ਉਮਰ ਦੇ ਲੋਕ ਨੇਪਾਲ ਅਤੇ ਭੂਟਾਨ ਦਾ ਸਫਰ ਕਰਨ ਲਈ ਅਪਣੀ ਪਛਾਣ ਸਾਬਤ ਕਰਨ ਲਈ ਪੈਨ ਕਾਰਡ, ਡ੍ਰਾਈਵਿੰਗ ਲਾਇਸੈਂਸ, ਕੇਂਦਰ ਸਰਕਾਰ ਸਿਹਤ ਸੇਵਾ ਕਾਰਡ ਜਾਂ ਰਾਸ਼ਨ ਕਾਰਡ ਦਿਖਾਉਂਦੇ ਸਨ। ਪਰ ਆਧਾਰ ਕਾਰਡ ਦੀ ਵਰਤੋਂ ਭਾਰਤੀ ਨਾਗਰਿਕ ਹੋਣ ਦੇ ਤੌਰ 'ਤੇ ਨਹੀਂ ਕਰ ਸਕਦੇ ਸਨ। ਦੱਸਿਆ ਗਿਆ ਹੈ ਕਿ ਹੁਣ ਆਧਾਰ ਕਾਰਡ ਨੂੰ ਮਾਨਤਾ ਪ੍ਰਾਪਤ ਦਸਤਾਵੇਜ਼ਾਂ ਦੀ ਸੂਚੀ ਵਿਚ ਜੋੜ ਦਿਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ
Nepal
ਕਿ 15 ਤੋਂ 18 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਭਾਰਤ ਅਤੇ ਨੇਪਾਲ ਦੀ ਯਾਤਰਾ ਅਪਣੇ ਸਕੂਲ ਮੁਖੀ ਵੱਲੋਂ ਜਾਰੀ ਪਛਾਣ ਪੱਤਰ ਦੇ ਆਧਾਰ 'ਤੇ ਕਰ ਸਕਣਗੇ। ਇਸ ਦੇ ਨਾਲ ਹੀ ਜੇਕਰ ਕੋਈ ਪਰਵਾਰ ਇਹਨਾਂ ਦੋਹਾਂ ਦੇਸ਼ਾਂ ਦੀ ਯਾਤਰਾ 'ਤੇ ਜਾ ਰਿਹਾ ਹੈ ਤਾਂ ਸਾਰਿਆਂ ਨੂੰ ਕਾਗਜ਼ਾਤ ਦਿਖਾਉਣ ਦੀ ਲੋੜ ਨਹੀਂ। ਪਰਿਵਾਰ ਦਾ ਕੋਈ ਵੀ ਬਾਲਗ ਮੈਂਬਰ ਮਾਨਤਾ ਪ੍ਰਾਪਤ ਦਸਤਾਵੇਜ਼ਾਂ ਵਿਚੋਂ ਕਿਸੇ ਇਕ ਨੂੰ ਪੇਸ਼ ਕਰ ਕੇ ਯਾਤਰਾ ਕਰ ਸਕਦਾ ਹੈ। ਭਾਰਤ ਦੇ ਸਿਕੱਮ, ਅਸਮ, ਅਰੁਣਾਚਲ ਪ੍ਰਦੇਸ਼ ਅਤੇ ਪੱਛਮ ਬੰਗਾਲ ਰਾਜਾਂ ਦੇ ਨਾਲ ਭੂਟਾਨ ਦੀ ਸਰਹੱਦ ਲਗਦੀ ਹੈ।
Bhutan
ਭੂਟਾਨ ਵਿਚ ਲਗਭਗ 60 ਹਜ਼ਾਰ ਭਾਰਤੀ ਨਾਗਰਿਕ ਹਨ। ਭੂਟਾਨ ਵਿਚ ਰਹਿ ਰਹੇ ਭਾਰਤੀ ਇਥੇ ਹਾਈਡ੍ਰੋਇਲੈਕਟ੍ਰਿਕ ਪਾਵਰ ਅਤੇ ਉਸਾਰੀ ਸਬੰਧੀ ਕੰਮਾਂ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਰੋਜ਼ਾਨਾ ਲਗਭਗ 8 ਤੋਂ 10 ਹਜ਼ਾਰ ਲੋਕਾਂ ਦੀ ਭੂਟਾਨ ਆਵਾਜਾਈ ਹੁੰਦੀ ਹੈ। ਜਦਕਿ ਨੇਪਾਲ ਵਿਚ ਲਗਭਗ 6 ਲੱਖ ਭਾਰਤੀ ਲੋਕ ਰਹਿੰਦੇ ਹਨ। ਇਹ ਅੰਕੜੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ।