
ਵਿਦਿਆਰਥਣਾਂ ਨੇ ਲਗਾ ਦਿੱਤਾ ਧਰਨਾ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਇਆ ਸ਼ਾਂਤ
ਮੁਰਾਦਾਬਾਦ - ਕਾਲਜ ਅਧਿਕਾਰੀਆਂ ਦੁਆਰਾ 1 ਜਨਵਰੀ ਨੂੰ ਲਾਗੂ ਕੀਤੇ ਗਏ 'ਨਵੇਂ ਡਰੈੱਸ ਕੋਡ' ਦੇ ਬਾਅਦ ਮੁਰਾਦਾਬਾਦ ਵਿੱਚ ਇੱਕ ਸਰਕਾਰੀ ਕਾਲਜ ਦੇ ਕੈਂਪਸ ਵਿੱਚ 'ਬੁਰਕਾ' ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ।
ਇਹ ਘਟਨਾ ਬੁੱਧਵਾਰ ਨੂੰ ਹਿੰਦੂ ਪੀ.ਜੀ. ਕਾਲਜ 'ਚ ਉਸ ਸਮੇਂ ਵਾਪਰੀ ਜਦੋਂ 'ਬੁਰਕਾ' ਪਹਿਨੀ ਅੱਠ ਵਿਦਿਆਰਥਣਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਲਜ ਦੇ ਇਸ ਫ਼ੈਸਲੇ ਦੇ ਵਿਰੋਧ 'ਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਵਿੱਚੋਂ ਇੱਕ ਨੇ ਕਿਹਾ, "ਬੁਰਕਾ ਪਹਿਨਣਾ ਸਾਡਾ ਅਧਿਕਾਰ ਹੈ ਅਤੇ ਆਪਣੇ ਆਪ ਨੂੰ ਸਹੀ ਢੰਗ ਨਾਲ ਢਕਣ ਲਈ ਸਾਨੂੰ ਇਸ ਦੀ ਲੋੜ ਹੈ... ਉਹ ਸਾਨੂੰ ਇਸ ਨੂੰ ਪਹਿਨਣ ਤੋਂ ਕਿਉਂ ਰੋਕਣਗੇ?"
ਕਾਲਜ ਦੇ ਪ੍ਰਿੰਸੀਪਲ, ਐਸ.ਕੇ. ਰਾਵਤ ਨੇ ਵੀਰਵਾਰ ਨੂੰ ਕਿਹਾ, "ਵਿਚਾਰ-ਵਟਾਂਦਰੇ ਤੋਂ ਬਾਅਦ ਸਾਡੇ ਕਾਲਜ ਵਿੱਚ ਡਰੈਸ ਕੋਡ ਲਗਾਇਆ ਗਿਆ ਹੈ। ਬੁਰਕੇ ਵਿੱਚ ਵਿਦਿਆਰਥੀਆਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਇਹ (ਡਰੈਸ ਕੋਡ) ਇੱਕ ਸੁਰੱਖਿਅਤ ਮਾਹੌਲ ਦੇ ਪ੍ਰਬੰਧਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਬਾਹਰਲੇ ਲੋਕਾਂ ਨੂੰ ਪਛਾਣਿਆ ਜਾ ਸਕਦਾ ਹੈ। ਪਿਛਲੇ ਸਾਲ ਅਕਤੂਬਰ ਤੋਂ, ਅਸੀਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਵਰਦੀ ਪਹਿਨ ਕੇ ਦਾਖਲ ਹੋਣ ਲਈ ਉਤਸ਼ਾਹਿਤ ਕਰ ਰਹੇ ਹਾਂ। ਇਸ ਸਾਲ ਦੀ ਸ਼ੁਰੂਆਤ ਤੋਂ ਅਸੀਂ ਕੁਝ ਵਿਦਿਆਰਥੀਆਂ ਨੂੰ ਰੋਕਿਆ। ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਵਰਦੀ ਪਹਿਨਣ।
ਪ੍ਰਿੰਸੀਪਲ ਨੇ ਅੱਗੇ ਕਿਹਾ, "ਅਸੀਂ ਮਹਿਲਾ ਵਿਦਿਆਰਥੀਆਂ ਲਈ ਕਾਲਜ ਦੇ ਪ੍ਰਵੇਸ਼ ਦੁਆਰ 'ਤੇ ਇੱਕ ਚੇਂਜਿੰਗ ਰੂਮ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ। ਕੁਝ ਤੱਤ ਇਸ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਨੂੰ ਛੱਡ ਕੇ, ਜ਼ਿਆਦਾਤਰ ਵਿਦਿਆਰਥਣਾਂ ਨੇ ਸਾਡੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਵਿੱਚੋਂ ਕੁਝ 'ਹਿਜਾਬ' ਪਾ ਕੇ ਕਲਾਸਾਂ 'ਚ ਜਾ ਰਹੇ ਹਨ। ਇਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ।"
ਮੁਰਾਦਾਬਾਦ ਜ਼ਿਲ੍ਹੇ ਵਿੱਚ ਇੱਕ ਵੱਡੀ ਮੁਸਲਿਮ ਆਬਾਦੀ ਹੈ, ਜੋ ਅਧਿਕਾਰਤ ਅੰਕੜਿਆਂ ਅਨੁਸਾਰ ਲਗਭਗ 46% ਬਣਦੀ ਹੈ, ਅਤੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹ ਰਹੇ ਘੱਟ ਗਿਣਤੀ ਵਿਦਿਆਰਥੀ ਆਪਣਾ ਰਵਾਇਤੀ ਪਹਿਰਾਵਾ ਪਹਿਨਦੇ ਹਨ। 'ਬੁਰਕਾ' ਇੱਕ ਬਾਹਰੀ ਕੱਪੜਾ ਹੈ ਜੋ ਸਰੀਰ ਨੂੰ ਪੂਰੀ ਤਰ੍ਹਾਂ ਢਕਦਾ ਹੈ ਜਦੋਂ ਕਿ 'ਹਿਜਾਬ' ਮੁੱਖ ਤੌਰ 'ਤੇ ਸਿਰ ਢਕਦਾ ਹੈ।
ਵੀਰਵਾਰ ਨੂੰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਸਮਾਜਵਾਦੀ ਪਾਰਟੀ ਦੀ ਸਥਾਨਕ ਇਕਾਈ ਦਾ ਸਮਰਥਨ ਮਿਲਿਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਵਿਦਿਆਰਥੀ ਵਿੰਗ) ਅਸਲਮ ਚੌਧਰੀ ਨੇ ਕਿਹਾ, ''ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਾਲਜ ਦੇ ਗੇਟ 'ਤੇ ਮਹਿਲਾ ਵਿਦਿਆਰਥੀਆਂ ਨੂੰ 'ਬੁਰਕਾ' ਉਤਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।"
ਬਾਅਦ ਵਿੱਚ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਸ਼ਾਂਤ ਕੀਤਾ।