
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖਪਤਕਾਰ ਮਾਮਲਿਆਂ, ਖ਼ੁਰਾਕ ਅਤੇ ਜਨਤਕ ਵਿਤਰਣ ਦੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੀਟਿੰਗ...
ਨਵੀਂ ਦਿੱਲੀ, 22 ਅਗੱਸਤ (ਸੁਖਰਾਜ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖਪਤਕਾਰ ਮਾਮਲਿਆਂ, ਖ਼ੁਰਾਕ ਅਤੇ ਜਨਤਕ ਵਿਤਰਣ ਦੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੀਟਿੰਗ ਕਰ ਕੇ ਨਾ ਸਹਿਣਯੋਗ 31000 ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਦੇ ਨਿਪਟਾਰੇ ਦੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਅਤੇ ਇਸ ਨਾਲ ਹੀ ਇਸ ਮਾਮਲੇ ਦਾ ਨਵੇਂ ਸਿਰਿਉਂ ਜਾਇਜ਼ਾ ਲੈਣ ਲਈ ਇਕ ਜਾਇਜ਼ਾ ਕਮੇਟੀ ਦੀ ਵੀ ਬੇਨਤੀ ਕੀਤੀ ਹੈ।
ਪੰਜਾਬ ਵਿਚ ਅਗਲੇ ਸਾਉਣੀ ਦੇ ਸੀਜ਼ਨ ਦੌਰਾਨ ਇਕ ਵਾਰੀ ਵਰਤੀਆਂ ਗਈਆਂ ਬੋਰੀਆਂ ਉਪਰ ਘਸਾਈ ਦੀ ਸ਼ਕਲ ਵਿਚ ਉੱਚ ਵਰਤੋਂ ਚਾਰਜ ਦੀ ਆਗਿਆ ਦੇਣ ਦੀ ਮੁੱਖ ਮੰਤਰੀ ਵਲੋਂ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਇਸ ਸੁਝਾਅ ਨੂੰ ਵਿਚਾਰਨ 'ਤੇ ਸਹਿਮਤੀ ਪ੍ਰਗਟਾਈ। ਕੇਂਦਰੀ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਕਿ ਇਸ ਸਬੰਧੀ ਜ਼ਰੂਰੀ ਹੁਕਮ ਇਸੇ ਹਫ਼ਤੇ ਜਾਰੀ ਕਰ ਦਿਤੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੀਟਿੰਗ ਨੂੰ ਅਸਰਦਾਇਕ ਦਸਿਆ ਅਤੇ ਪਾਸਵਾਨ ਨੇ ਕਿਹਾ ਕਿ ਦੋਵਾਂ ਪਾਸਿਆਂ ਦੇ ਸਕੱਤਰ ਇਸ ਵਿਚਾਰ-ਵਟਾਂਦਰੇ ਨੂੰ ਅੱਗੇ ਵਿਚਾਰਣਗੇ।
ਕੇਂਦਰੀ ਮੰਤਰੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਕਿਹਾ ਕਿ ਸਾਰੇ ਮੁੱਦੇ ਦੁਵੱਲੀ ਗੱਲਬਾਤ ਰਾਹੀਂ ਹੱਲ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੇ ਗਏ ਸੁਝਾਅ ਦੇ ਸਬੰਧ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ 31000 ਕਰੋੜ ਰੁਪਏ ਦੇ ਕਰਜ਼ੇ ਦਾ ਮਾਮਲਾ ਵਿੱਤ ਮੰਤਰਾਲੇ ਨਾਲ ਸਬੰਧਤ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਸਿਰਫ਼ ਵਿੱਤ ਮੰਤਰਾਲੇ ਨੂੰ ਇਸ ਮਾਮਲੇ ਸਬੰਧੀ ਜਾਇਜ਼ਾ ਲੈਣ ਵਾਸਤੇ ਢੁਕਵੀਆਂ ਸਿਫ਼ਾਰਸ਼ਾਂ ਹੀ ਕਰ ਸਕਦਾ ਹੈ। ਪੰਜਾਬ ਸਰਕਾਰ ਦੇ 20,000 ਕਰੋੜ ਰੁਪਏ ਦੇ ਅਨਾਜ ਦੀ
ਖ਼ਰੀਦ ਸਬੰਧੀ ਬਕਾਏ ਦੇ ਦਾਅਵੇ ਸਬੰਧੀ ਜਾਇਜ਼ਾ ਲੈਣ ਲਈ ਅਪ੍ਰੈਲ 2016 ਵਿਚ ਕੇਂਦਰ ਵਲੋਂ ਸਥਾਪਤ ਕੀਤੀ ਗਈ ਝਾਅ ਕਮੇਟੀ ਵਲੋਂ ਸਾਹਮਣੇ ਲਿਆਂਦੇ ਗਏ ਨਤੀਜਿਆਂ ਬਾਰੇ ਪਾਸਵਾਨ ਨੇ ਕਿਹਾ ਕਿ ਇਨ੍ਹਾਂ ਬਾਰੇ ਕੁੱਝ ਭੰਬਲ-ਭੂਸੇ ਹਨ। ਇਸ ਸਬੰਧ ਵਿਖ ਮੁੱਖ ਮੰਤਰੀ ਨੇ ਇਸ ਸਮੁੱਚੇ ਮਾਮਲੇ ਨੂੰ ਦੇਖਣ ਦੇ ਸਬੰਧ ਵਿਚ ਇਕ ਹੋਰ ਕਮੇਟੀ ਬਣਾਏ ਜਾਣ ਦਾ ਸੁਝਾਅ ਦਿਤਾ।
ਕੇਂਦਰੀ ਅਨਾਜ ਭੰਡਾਰ ਲਈ ਖ਼ਰੀਦ ਦੌਰਾਨ ਸੂਬੇ ਨੂੰ ਹੋਏ ਨੁਕਸਾਨ ਦੀ ਮੁੜ ਭਰਪਾਈ ਕਰਨ ਦੀ ਕੇਂਦਰੀ ਮੰਤਰੀ ਵਲੋਂ ਮੰਗ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਉਣੀ ਦੀ ਖ਼ਰੀਦ ਲਈ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੁੰਦੀ ਹੈ। ਸਾਉਣੀ ਦੀ ਝੋਨੇ ਦੀ ਫ਼ਸਲ ਦਾ 18.2 ਮਿਲੀਅਨ ਟਨ ਝਾੜ ਹੋਣ ਦੀ ਸੰਭਾਵਨਾ ਹੈ। ਇਸ ਸਾਲ ਕਣਕ ਦੀ ਖ਼ਰੀਦ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਸਮੱਸਿਆ ਦੇ ਨੇਪਰੇ ਚਾੜ੍ਹਣ ਵਾਂਗ ਸਾਉਣੀ ਦੀ ਫ਼ਸਲ ਦੀ ਖ਼ਰੀਦ ਨੂੰ ਵੀ ਬਿਨਾਂ ਕਿਸੇ ਅੜਚਣ ਤੋਂ ਯਕੀਨੀ ਬਣਾਉਣ ਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿਵਾਇਆ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਸ ਵਾਰ ਦਖਣੀ ਪੰਜਾਬ ਨੂੰ ਛੱਡ ਕੇ ਸੂਬੇ ਵਿਚ ਇਸ ਵਾਰ ਚੰਗੀ ਬਾਰਸ਼ ਹੋਈ ਹੈ ਅਤੇ ਸੂਬਾ ਸਰਕਾਰ ਸਮੇਂ ਸਿਰ ਝੋਨੇ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰੀਆਂ ਕਸ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਰਪੇਸ਼ ਨਾ ਆਵੇ। ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ 18,500 ਕਰੋੜ ਰੁਪਏ ਦੇ ਵਿਆਜ਼ ਸਣੇ 31000 ਕਰੋੜ ਰੁਪਏ ਦਾ ਬਣਿਆ ਕਰਜ਼ਾ ਅਸਲ ਵਿਚ ਭਾਰਤ ਸਰਕਾਰ ਵਲੋਂ ਪ੍ਰਵਾਨਤ ਅੰਤ੍ਰਿਮ/ਅੰਤਿਮ ਲਾਗਤ ਅਤੇ ਅਸਲ ਲਾਗਤ ਵਿਚਲੇ ਪਾੜੇ ਦਾ ਨਤੀਜਾ ਹੈ ਜੋ ਕਿ ਖ਼ਰੀਦ ਦੇ ਇਤਫ਼ਾਕਿਆ ਸਿਧਾਂਤਾਂ ਦੇ ਗ਼ੈਰ ਤਰਕਮਈ ਹੋਣ ਦਾ ਪ੍ਰਣਾਮ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਰਸਮੀ ਪੱਤਰ ਲਿਖਿਆ ਗਿਆ ਹੈ ਅਤੇ ਕੇਂਦਰ ਸਰਕਾਰ ਵਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਇਸ ਮਸਲੇ ਨੂੰ ਹੱਲ ਕਰਨ ਲਈ ਕੋਈ ਵੀ ਪ੍ਰਗਤੀ ਨਹੀਂ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪਾੜੇ ਦੇ ਬਾਵਜੂਦ ਸੂਬੇ ਨੇ ਲਗਾਤਾਰ ਖ਼ਰੀਦ ਸਰਗਰਮੀਆਂ ਜਾਰੀ ਰੱਖੀਆਂ ਹਨ ਤਾਂ ਜੋ ਰਾਸ਼ਟਰੀ ਖ਼ੁਰਾਕ ਸੁਰੱਖਿਆ ਨੂੰ ਬਣਾਈ ਰੱਖਣ ਦੇ ਨਾਲ-ਨਾਲ ਕਿਸਾਨਾਂ ਵਿਚ ਪੈਦਾ ਹੋਣ ਵਾਲੀ ਬੇਚੈਨੀ ਨੂੰ ਰੋਕਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿਤਾ ਕਿ ਸਾਉਣੀ-2017 ਦੌਰਾਨ ਝੋਨੇ ਦੀ ਖ਼ਰੀਦ ਲਈ ਪੁਰਾਣੀਆਂ ਬੋਰੀਆਂ ਦੀ ਵਰਤੋਂ ਵਾਸਤੇ ਸੂਬਾ ਸਰਕਾਰ ਨੂੰ ਛੋਟ ਦਿਤੀ ਜਾਵੇ।