
ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਰਜ਼ੇ/ਖ਼ੁਦਕੁਸ਼ੀਆਂ/ਕੁਰਕੀਆਂ ਤੋਂ ਮੁਕਤੀ ਅਤੇ ਰੁਜ਼ਗਾਰ ਪ੍ਰਾਪਤੀ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਅੱਜ..
ਬਰਨਾਲਾ, 22 ਅਗੱਸਤ (ਜਗਸੀਰ ਸਿੰਘ ਸੰਧੂ) : ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਰਜ਼ੇ/ਖ਼ੁਦਕੁਸ਼ੀਆਂ/ਕੁਰਕੀਆਂ ਤੋਂ ਮੁਕਤੀ ਅਤੇ ਰੁਜ਼ਗਾਰ ਪ੍ਰਾਪਤੀ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਅੱਜ ਇਥੇ ਦਾਣਾ ਮੰਡੀ 'ਚ ਕੀਤੀ ਗਈ ਕਰਜ਼ਾ-ਮੁਕਤੀ ਮਹਾਂ ਰੈਲੀ 'ਚ ਹਜ਼ਾਰਾਂ ਕਿਸਾਨ-ਮਜ਼ਦੂਰ ਮਰਦ ਤੇ ਔਰਤਾਂ ਦਾ ਲਾ-ਮਿਸਾਲ ਇਕੱਠ ਹੋਇਆ। ਡੇਢ ਲੱਖ ਵਰਗ ਫੁੱਟ ਦੇ ਪੰਡਾਲ ਨੂੰ ਰੋਹ-ਭਰੇ ਨਾਹਰਿਆਂ ਨਾਲ ਗੁੰਜਾ ਰਹੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਆਦਿ ਸ਼ਾਮਲ ਸਨ, ਜਦਕਿ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਨਿਭਾਈ ਗਈ।
ਸਾਂਝੇ ਘੋਲ ਦੀ ਤਰਜਮਾਨੀ ਕਰਦਿਆਂ ਸਮੂਹ ਬੁਲਾਰਿਆਂ ਨੇ ਕਿਸਾਨ ਖ਼ੁਦਕੁਸ਼ੀਆਂ ਰੋਕਣ ਲਈ ਭਖਦੇ ਕਿਸਾਨੀ ਮਸਲੇ ਤੁਰਤ ਹੱਲ ਕਰਨ ਦੀ ਵਜ਼ਾਹਤ ਕਰਦਿਆਂ ਕੈਪਟਨ ਸਰਕਾਰ ਦੀ ਇਸ ਗੱਲੋਂ ਜ਼ੋਰਦਾਰ ਨਿਖੇਧੀ ਕੀਤੀ ਕਿ ਉਹ ਕਰਜ਼ਾ-ਪੀੜਤ ਸਮੂਹ ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ੇ ਖ਼ਤਮ ਕਰਨ ਦੇ ਅਪਣੇ ਚੋਣ-ਵਾਅਦੇ ਤੋਂ ਪਿੱਛੇ ਹਟ ਕੇ ਛੋਟੇ/ਸੀਮਾਂਤ ਕਿਸਾਨਾਂ ਦੇ ਸਿਰਫ਼ ਫ਼ਸਲੀ ਕਰਜ਼ੇ 2 ਲੱਖ ਤਕ ਮਾਫ਼ ਕਰਨ ਦੇ ਫੋਕੇ ਐਲਾਨ ਤਕ ਸਿਮਟ ਕੇ ਰਹਿ ਗਈ ਹੈ ਜੋ ਪੰਜਾਬ ਦੇ ਕਿਸਾਨਾਂ ਨਾਲ ਵਾਅਦਾਖਿਲਾਫ਼ੀ ਹੈ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਵੀ ਜੰਮ ਕੇ ਅਲੋਚਨਾ ਕੀਤੀ ਅਤੇ ਕਿਹਾ ਕਿ ਕਿਸਾਨ ਕਰਜ਼ਾ-ਮੁਕਤੀ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਤੋਂ ਅਤੇ ਸਵਾਮੀਨਾਥਨ ਰੀਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਦੇਣ ਤੋਂ ਇਨਕਾਰ ਕਰਨ ਦੇ ਨਾਲ-ਨਾਲ ਖੇਤੀ ਸਬਸਿਡੀਆਂ ਦਾ ਭੋਗ ਪਾਉਣ ਵਾਲੀ ਨੀਤੀ ਧਾਰਨ ਰਾਹੀਂ ਧੜਾ-ਧੜ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ-ਮਜ਼ਦੂਰਾਂ ਦੇ ਜ਼ਖ਼ਮਾਂ 'ਤੇ ਲੂਣ ਭੁਕਿਆ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਕਰਜ਼ੇ ਮੋੜਨੋਂ ਅਸਮੱਰਥ ਸਮੂਹ ਕਿਰਤੀ ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ਿਆਂ 'ਤੇ
ਲਕੀਰ ਮਾਰੀ ਜਾਵੇ ਅਤੇ 2 ਲੱਖ ਦੀ ਨਿਗੂਣੀ ਰਾਹਤ ਦਾ ਨੋਟੀਫ਼ੀਕੇਸ਼ਨ ਤੁਰਤ ਜਾਰੀ ਕੀਤਾ ਜਾਵੇ, ਕਰਜ਼ਿਆਂ ਤੇ ਆਰਥਕ ਤੰਗੀਆਂ ਤੋਂ ਪੀੜਤ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, 1-1 ਸਰਕਾਰੀ ਨੌਕਰੀ ਤੇ ਸਮੁੱਚੇ ਕਰਜ਼ੇ 'ਤੇ ਲੀਕਰ ਦੀ ਫੌਰੀ ਰਾਹਤ ਤੁਰਤ ਦਿਤੀ ਜਾਵੇ। ਉਕਤ ਮੰਗਾਂ ਦਾ ਤਸੱਲੀਬਖ਼ਸ਼ ਨਿਪਟਾਰਾ ਨਾ ਕੀਤਾ ਗਿਆ ਤਾਂ ਸਾਂਝੇ ਕਰਜ਼ਾ-ਮੁਕਤੀ ਘ’ੋਲ ਦੇ ਅਗਲੇ ਪੜਾਅ 'ਤੇ 22 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਅੱਗੇ ਪੰਜ ਰੋਜ਼ਾ ਦਿਨ-ਰਾਤ ਧਰਨਾ ਲਾਇਆ ਜਾਵੇਗਾ। ਜੇਕਰ ਫਿਰ ਵੀ ਟਾਲ-ਮਟੋਲ ਜਾਰੀ ਰਹੀ ਤਾਂ ਮੌਕੇ 'ਤੇ ਫ਼ੈਸਲਾ ਕੀਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ 'ਚ ਦਾਤਾਰ ਸਿੰਘ, ਮਨਜੀਤ ਸਿੰਘ ਧਨੇਰ, ਇੰਦਰਜੀਤ ਸਿੰਘ ਕੋਟ ਬੁੱਢਾ, ਝੰਡਾ ਸਿੰਘ ਜੇਠੂਕੇ, ਦਲਵਿੰੰਦਰ ਸਿੰਘ ਸ਼ੇਰ ਖਾਂ, ਬਲਦੇਵ ਸਿੰਘ ਜੀਰਾ ਅਤੇ ਹਰਜੀਤ ਸਿੰਘ ਝੀਂਡਾ ਸ਼ਾਮਲ ਸਨ।