
ਭਾਰਤੀ ਬੈਂਕਾਂ ਦਾ 13 ਹਜ਼ਾਰ ਕਰੋੜ ਰੁਪਏ ਲੈ ਕੇ ਵਿਦੇਸ਼ ਫ਼ਰਾਰ ਹੋਇਆ ਸੀ ਨੀਰਵ ਮੋਦੀ
ਲੰਦਨ : ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਲੰਦਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੋਦੀ ਨੂੰ ਅੱਜ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਦਾਲਤ 'ਚ ਹੁਣ ਮੋਦੀ ਦੀ ਭਾਰਤ ਨੂੰ ਸੁਪੁਰਦਗੀ ਬਾਰੇ ਸੁਣਵਾਈ ਹੋਵੇਗੀ। ਸੂਤਰਾਂ ਮੁਤਾਬਕ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਨੀਰਵ ਮੋਦੀ ਦੀ ਜਾਇਦਾਦ ਵੇਚੀ ਜਾ ਸਕਦੀ ਹੈ।
ਦਰਅਸਲ ਬੈਂਕਾਂ ਦਾ 13 ਹਜ਼ਾਰ ਕਰੋੜ ਲੈ ਕੇ ਫ਼ਰਾਰ ਨੀਰਵ ਮੋਦੀ ਪਿਛਲੇ ਦਿਨੀਂ ਲੰਦਨ ਦੀਆਂ ਸੜਕਾਂ 'ਤੇ ਆਪਣਾ ਰੂਪ ਬਦਲ ਕੇ ਬੇਖ਼ੌਫ਼ ਘੁੰਮਦਾ ਵਿਖਾਈ ਦਿੱਤਾ ਸੀ, ਜਦਕਿ ਉਸ ਵਿਰੁੱਧ ਰੈਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ। ਇਸ ਮਗਰੋਂ ਬ੍ਰਿਟੇਨ ਦੀ ਵੈਸਟਮਿੰਸਟਰ ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਹਾਲਾਂਕਿ ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਕੋਲ ਜ਼ਮਾਨਤ ਲਈ ਅਦਾਲਤ ਜਾਣ ਦੀ ਆਪਸ਼ਨ ਹੈ।
Nirav Modi-1
ਨੀਰਵ ਮੋਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਸਰਕਾਰ ਬ੍ਰਿਟੇਨ ਤੋਂ ਸੁਪੁਰਦਗੀ ਦੀ ਕੋਸ਼ਿਸ਼ ਕਰੇਗੀ। ਸੂਤਰਾਂ ਮੁਤਾਬਕ ਭਾਰਤ ਤੋਂ ਸੀਬੀਆਈ ਅਤੇ ਈਡੀ ਦੀ ਇੱਕ ਟੀਮ ਲੰਦਨ ਲਈ ਰਵਾਨਾ ਹੋਵੇਗੀ।
ਉਧਰ ਦੇਸ਼ 'ਚ ਲੋਕ ਸਭਾ ਚੋਣਾਂ ਸ਼ਿਖਰ 'ਤੇ ਹੋਣ ਕਾਰਨ ਵਿਰੋਧੀ ਪਾਰਟੀਆਂ ਨੀਰਵ ਮੋਦੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੀਆਂ ਹਨ। ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਸਰਕਾਰ ਦੀ ਨਾਕਾਮੀ ਕਾਰਨ ਨੀਰਵ ਮੋਦੀ ਲੰਦਨ ਭੱਜਣ 'ਚ ਕਾਮਯਾਬ ਹੋਇਆ।