
ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਘਰੋਂ ਬਾਹਰ ਨਾ ਨਿਕਲੋ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੋਰੋਨਾ ਸੰਕਟ 'ਤੇ ਦੇਸ਼ ਦੇ ਨਾਂ ਸੰਬੋਧਨ ਕੀਤਾ ਅਤੇ ਕਿਹਾ ਕਿ ਪਹਿਲੀ ਅਤੇ ਸੰਸਾਰ ਜੰਗ 'ਚ ਵੀ ਏਨੇ ਦੇਸ਼ ਪ੍ਰਭਾਵਤ ਨਹੀਂ ਹੋਏ ਸਨ ਜਿੰਨਾ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰ ਕੇ ਪੂਰੀ ਦੁਨੀਆਂ ਸੰਕਟ 'ਚੋਂ ਲੰਘ ਰਹੀ ਹੈ ਅਤੇ ਹਰ ਭਾਰਤੀ ਨੂੰ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਰਹਿਣ 'ਚ ਹੀ ਇਸ ਵਾਇਰਸ ਤੋਂ ਬਚਾਅ ਦਾ ਮੰਤਰ ਦਿਤਾ ਅਤੇ ਕਿਹਾ ਕਿ 22 ਮਾਰਚ ਨੂੰ ਐਤਵਾਰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਲੋਕ ਜਨਤਾ ਕਰਫ਼ਿਊ ਦਾ ਪਾਲਣ ਕਰਨ ਅਤੇ ਅਪਣੇ ਘਰਾਂ ਤੋਂ ਬਾਹਰ ਨਾ ਨਿਕਲਣ।
File
ਉਨ੍ਹਾਂ ਕਿਹਾ ਕਿ 'ਜਨਤਾ ਕਰਫ਼ਿਊ' ਜਨਤਾ ਵਲੋਂ ਲਗਾਇਆ ਗਿਆ ਕਰਫ਼ਿਊ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਅਸਰ ਨੂੰ ਰੋਕਣ ਲਈ ਸਮਾਜਕ ਦੂਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਕੇਂਦਰ ਅਤੇ ਰਾਜ ਸਰਕਾਰਾਂ ਦੀ ਸਲਾਹ ਦਾ ਪਾਲਣ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਖਾਣ-ਪੀਣ ਦੇ ਸਮਾਨ ਦੀ ਜਮ੍ਹਾਂਖੋਰੀ ਕਰਨ ਤੋਂ ਬਚਣ ਦੀ ਸਲਾਹ ਦਿਤੀ। ਉਨ੍ਹਾਂ ਕਿਹਾ ਕਿ ਇਹ ਮੰਨਣਾ ਗ਼ਲਤ ਹੈ ਕਿ ਭਾਰਤ 'ਤੇ ਕੋਰੋਨਾ ਵਾਇਰਸ ਦਾ ਅਸਰ ਨਹੀਂ ਪਵੇਗਾ।
File
ਅਜਿਹੀ ਮਹਾਂਮਾਰੀ ਤੋਂ 'ਅਸੀਂ ਸਿਹਤਮੰਦ, ਜਗਤ ਸਿਹਤਮੰਦ' ਮੰਤਰ ਕੰਮ ਆ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਇਕ ਭਰਮ ਪੈਦਾ ਹੋਇਆ ਹੈ ਕਿ 'ਸੱਭ ਕੁੱਝ ਠੀਕ ਹੈ'। ਇਹ ਮਾਨਸਿਕਤਾ ਠੀਕ ਨਹੀਂ ਹੈ। ਉਨ੍ਹਾਂ ਕਿਹਾ, ''ਤੁਸੀਂ ਸੜਕਾਂ 'ਤੇ ਘੁੰਮਦੇ ਰਹੋਗੇ, ਬਾਜ਼ਾਰਾਂ 'ਚ ਜਾਂਦੇ ਰਹੋਗੇ ਅਤੇ ਸਥਿਤੀ ਤੋਂ ਬਚੇ ਰਹੋਗੇ, ਇਹ ਸੋਚ ਠੀਕ ਨਹੀਂ ਹੈ। ਮੈਨੂੰ ਤੁਹਾਡੇ ਕੁੱਝ ਹਫ਼ਤੇ, ਕੁੱਝ ਸਮਾਂ ਚਾਹੀਦਾ ਹੈ।'' ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੋਈ ਮੁਕੰਮਲਲ ਉਪਾਅ ਨਹੀਂ ਮਿਲਿਆ ਅਤੇ ਨਾ ਹੀ ਕੋਈ ਟੀਕਾ ਵਿਕਸਤ ਹੋਇਆ ਹੈ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਉਪਰ ਦੀ ਉਮਰ ਵਾਲੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ।
File
ਅਤੇ ਬਹੁਤ ਜ਼ਰੂਰੀ ਹੋਣ 'ਤੇ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ। ਉਨ੍ਹਾਂ ਕਿਹਾ ਕਿ 22 ਮਾਰਚ ਨੂੰ ਸਾਡੀ ਕੋਸ਼ਿਸ਼, ਸਾਡਾ ਆਤਮ ਸੰਜਮ, ਦੇਸ਼ ਦੇ ਹਿਤ 'ਚ ਫ਼ਰਜ਼ਾਂ ਦੀ ਪਾਲਣਾ ਦੇ ਸੰਕਲਪ ਦਾ ਇਕ ਮਜ਼ਬੂਤ ਪ੍ਰਤੀਕ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 22 ਮਾਰਚ ਦੀ ਸ਼ਾਮ ਪੰਜ ਵਜੇ ਲੋਕ ਡਾਕਟਰਾਂ, ਮੈਡੀਕਲ ਪੇਸ਼ੇ 'ਚ ਲੱਗੇ ਲੋਕਾਂ, ਸਾਫ਼-ਸਫ਼ਾਈ ਕਾਮਿਆਂ ਨੂੰ ਉਨ੍ਹਾਂ ਦੀ ਸੇਵਾ ਲਈ ਧਨਵਾਦ ਦੇਣ ਲਈ ਘਰ 'ਚ ਹੀ ਤਾੜੀਆਂ ਜਾਂ ਥਾਲੀਆ ਵਜਾਉਣ। ਉਨ੍ਹਾਂ ਕਿਹਾ ਕਿ ਲੋਕ ਗ਼ੈਰ-ਜ਼ਰੂਰੀ ਜਾਂਚ ਲਈ ਹਸਪਤਾਲਾਂ 'ਚ ਜਾਣ ਤੋਂ ਬਚਣ ਤਾਕਿ ਸਿਹਤ ਕਾਮਿਆਂ 'ਤੇ ਦਬਾਅ ਘੱਟ ਹੋਵੇ।
File
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਕਰ ਕੇ ਅਰਥਚਾਰੇ ਲਈ ਪੈਦਾ ਹੋਈਆਂ ਚੁਨੌਤੀਆਂ ਨੂੰ ਵੇਖਦਿਆਂ ਸਰਕਾਰ ਨੇ ਕੋਰੋਨਾ ਵਾਇਰਸ ਆਰਥਕ ਪ੍ਰਕਿਰਿਆ ਕਾਰਜਬਲ ਗਠਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਪਾਰੀਆਂ ਅਤੇ ਉੱਚੀਆਂ ਤਨਖ਼ਾਹਾਂ ਵਾਲੇ ਵਰਗ ਨੂੰ ਵੀ ਅਪੀਲ ਕੀਤੀ ਕਿ ਜੇਕਰ ਸੰਭਵ ਹੋਵੇ ਤਾਂ ਤੁਸੀਂ ਜਿਨ੍ਹਾਂ-ਜਿਨ੍ਹਾਂ ਲੋਕਾਂ ਤੋਂ ਸੇਵਾਵਾਂ ਲੈਂਦੇ ਹੋ, ਉਨ੍ਹਾਂ ਦੇ ਆਰਥਕ ਹਿਤਾਂ ਦਾ ਧਿਆਨ ਰੱਖੋ ਅਤੇ ਇਸ ਸਮੇਂ ਦੌਰਾਨ ਛੁੱਟੀਆਂ ਕਰ ਕੇ ਉਨ੍ਹਾਂ ਦੇ ਪੈਸੇ ਨਾ ਕੱਟੇ ਜਾਣ। ਉਨ੍ਹਾਂ ਕਿਹਾ ਕਿ ਉਹ ਦੇਸ਼ਵਾਸੀਆਂ ਨੂੰ ਇਸ ਗੱਲ ਦਾ ਵੀ ਭਰੋਸਾ ਦੇਣਾ ਚਾਹੁੰਦੇ ਹਨ ਕਿ ਦੇਸ਼ 'ਚ ਦੁੱਧ, ਖਾਣ-ਪੀਣ ਦੇ ਸਮਾਨ, ਦਵਾਈਆ, ਜੀਵਨ ਲਈ ਜ਼ਰੂਰੀ ਅਜਿਹੀਆਂ ਚੀਜ਼ਾਂ ਦੀ ਕਮੀ ਨਾ ਹੋਵੇ, ਇਸ ਲਈ ਹਰ ਕਦਮ ਚੁੱਕੇ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।