
ਕਿਹਾ, ਭਾਰਤ ਯੂਕਰੇਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਕੀਤੀ ਅਤੇ ਸ਼ਾਂਤੀ ਅਤੇ ਰੂਸ-ਯੂਕਰੇਨ ਸੰਘਰਸ਼ ਨੂੰ ਜਲਦੀ ਖਤਮ ਕਰਨ ਦੇ ਸਾਰੇ ਯਤਨਾਂ ਲਈ ਭਾਰਤ ਦੇ ਨਿਰੰਤਰ ਸਮਰਥਨ ਦਾ ਸੰਦੇਸ਼ ਦਿਤਾ। ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ ’ਤੇ ਗੱਲਬਾਤ ਦੌਰਾਨ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਇਹ ਵੀ ਦਸਿਆ ਕਿ ਭਾਰਤ ਯੂਕਰੇਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਯੂਕਰੇਨ ਭਾਈਵਾਲੀ ਨੂੰ ਮਜ਼ਬੂਤ ਕਰਨ ’ਤੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਚੰਗੀ ਗੱਲਬਾਤ ਹੋਈ। ਸ਼ਾਂਤੀ ਦੇ ਸਾਰੇ ਯਤਨਾਂ ਅਤੇ ਚੱਲ ਰਹੇ ਸੰਘਰਸ਼ ਨੂੰ ਜਲਦੀ ਖਤਮ ਕਰਨ ਲਈ ਭਾਰਤ ਦੇ ਨਿਰੰਤਰ ਸਮਰਥਨ ਦਾ ਸੰਦੇਸ਼ ਦਿਤਾ। ਭਾਰਤ ਅਪਣੀ ਲੋਕ-ਕੇਂਦਰਿਤ ਪਹੁੰਚ ਵਲੋਂ ਨਿਰਦੇਸ਼ਤ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ।
ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਪ੍ਰਧਾਨ ਮੰਤਰੀ ਦਾ ਧਨਵਾਦ ਅਤੇ ਭਾਰਤ ਨੂੰ ਉਦਘਾਟਨੀ ਸ਼ਾਂਤੀ ਸਿਖਰ ਸੰਮੇਲਨ ’ਚ ਹਿੱਸਾ ਲੈਣ ਦੀ ਮੰਗ ਕੀਤੀ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ, ਮਾਨਵਤਾਵਾਦੀ ਸਹਾਇਤਾ ਅਤੇ ਸ਼ਾਂਤੀ ਫਾਰਮੂਲਾ ਮੀਟਿੰਗਾਂ ’ਚ ਸਰਗਰਮ ਭਾਗੀਦਾਰੀ ਲਈ ਭਾਰਤ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਦਾ ਹਾਂ। ਸਾਡੇ ਲਈ ਇਹ ਮਹੱਤਵਪੂਰਨ ਹੋਵੇਗਾ ਕਿ ਭਾਰਤ ਉਦਘਾਟਨੀ ਸ਼ਾਂਤੀ ਸਿਖਰ ਸੰਮੇਲਨ ’ਚ ਹਿੱਸਾ ਲਵੇ, ਜੋ ਇਸ ਸਮੇਂ ਸਵਿਟਜ਼ਰਲੈਂਡ ’ਚ ਤਿਆਰ ਕੀਤਾ ਜਾ ਰਿਹਾ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਅਸੀਂ ਅਪਣੇ ਦੁਵਲੇ ਸਬੰਧਾਂ ਦੇ ਵਿਕਾਸ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਸ ’ਚ ਸਾਡੀਆਂ ਟੀਮਾਂ ਦੀ ਮੀਟਿੰਗ ਅਤੇ ਨੇੜਲੇ ਭਵਿੱਖ ’ਚ ਨਵੀਂ ਦਿੱਲੀ ’ਚ ਸਹਿਯੋਗ ਬਾਰੇ ਅੰਤਰ-ਸਰਕਾਰੀ ਕਮਿਸ਼ਨ ਦਾ ਇਕ ਸੈਸ਼ਨ ਸ਼ਾਮਲ ਹੋਣਾ ਚਾਹੀਦਾ ਹੈ। ਯੂਕਰੇਨ ਭਾਰਤ ਨਾਲ ਸਾਡੇ ਵਪਾਰ ਅਤੇ ਆਰਥਕ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਦਿਲਚਸਪੀ ਰੱਖਦਾ ਹੈ, ਖਾਸ ਕਰ ਕੇ ਖੇਤੀਬਾੜੀ ਨਿਰਯਾਤ, ਹਵਾਬਾਜ਼ੀ ਸਹਿਯੋਗ, ਅਤੇ ਫਾਰਮਾਸਿਊਟੀਕਲ ਅਤੇ ਉਦਯੋਗਿਕ ਉਤਪਾਦ ਵਪਾਰ ਵਿੱਚ। ਯੂਕਰੇਨ ਵੀ ਭਾਰਤੀ ਵਿਦਿਆਰਥੀਆਂ ਦਾ ਯੂਕਰੇਨੀ ਵਿਦਿਅਕ ਸੰਸਥਾਵਾਂ ’ਚ ਵਾਪਸ ਸਵਾਗਤ ਕਰਨਾ ਚਾਹੁੰਦਾ ਹੈ।’’