
ਬਲਾਤਕਾਰ ਦੀਆਂ ਘਟਨਾਵਾਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ
ਕਾਮਨਵੈਲਥ ਦੇਸ਼ਾਂ ਦੀ ਇਕੱਤਰਤਾ 'ਚ ਸ਼ਾਮਲ ਹੋਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਲੰਦਨ ਫੇਰੀ ਦੌਰਾਨ ਲੰਦਨ ਦੇ ਸੈਂਟਰਲ ਹਾਲ ਵੈਸਟਮਿੰਸਟਰ ਵਿਚ 'ਭਾਰਤ ਕੀ ਬਾਤ, ਸਬ ਕੇ ਸਾਥ' ਸਮਾਗਮ ਵਿਚ ਕਿਹਾ ਕਿ ਅਤਿਵਾਦ ਹਰ ਦੇਸ਼ ਦੀ ਉੱਨਤੀ 'ਚ ਅੜਿਕਾ ਡਾਹ ਰਿਹਾ ਹੈ ਤੇ ਇਨਸਾਨੀਅਤ ਕਦਰ-ਕੀਮਤਾਂ ਦਾ ਕਤਲ ਕਰ ਕੇ ਇਨਸਾਨਾਂ ਦੀਆ ਜ਼ਿੰਦਗੀਆਂ ਨਾਲ ਖੇਡ ਰਿਹਾ ਹੈ। ਇਸ ਲਈ ਅਤਿਵਾਦ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ।
ਦੇਸ਼ ਅੰਦਰ ਕਠੂਆ ਅਤੇ ਉਨਾਵ 'ਚ ਵਾਪਰੇ ਦਰਦਨਾਕ ਬਲਾਤਕਾਰ ਮਾਮਲੇ ਨੂੰ ਲੈ ਕੇ ਭਾਰਤ ਵਿਚ ਚੱਲ ਰਹੇ ਰੋਸ ਪ੍ਰਦਰਸ਼ਨਾ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਲਾਤਕਾਰ ਇਕ ਬੇਹੱਦ ਦੁਖਦਾਈ ਤੇ ਸ਼ਰਮ ਵਾਲੀ ਵਾਰਦਾਤ ਹੈ, ਜਿਸ ਦੇ ਅਪਰਾਧੀ ਕਿਸੇ ਵੀ ਕੀਮਤ 'ਤੇ ਬਖਸ਼ੇ ਨਹੀਂ ਜਾਣਗੇ। ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋਕ ਅਪਣੀਆਂ ਧੀਆਂ ਦੀ ਪਲ-ਪਲ ਦੀ ਖ਼ਬਰ ਰਖਦੇ ਹਨ ਅਤੇ ਉਹ ਅਪਣੇ ਪੁੱਤਰਾਂ ਦੀਆਂ ਕਾਰਵਾਈਆਂ 'ਤੇ ਵੀ ਨਜ਼ਰਸਾਨੀ ਰੱਖਣ।
Narendra Modi
ਪ੍ਰਧਾਨ ਮੰਤਰੀ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਕਿਹਾ ਕਿ ਜੇ ਜਨਤਾ ਫ਼ੈਸਲਾ ਕਰ ਲਵੇ ਤਾਂ ਮੇਰੇ ਵਰਗੇ ਚਾਹ ਬਣਾਉਣ ਵਾਲੇ ਨੂੰ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਦੀ ਭਾਰਤ ਸਰਕਾਰ ਦੇਸ਼ ਦੇ ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਰੁਜ਼ਗਾਰ ਤੇ ਬਜ਼ੁਰਗਾਂ ਨੂੰ ਦਵਾ ਦਾਰੂ ਮੁਹਈਆ ਕਰਾਉਣ ਵਰਗੇ ਮਿਸ਼ਨਾਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਕਦੀਰ ਕੋਈ ਇਕੱਲਾ ਵਿਅਕਤੀ ਨਹੀਂ ਬਣਾ ਸਕਦਾ। ਇਹ ਤਾਂ ਟੀਮ ਵਰਕ ਹੈ, ਜਿਸ 'ਤੇ ਅਸੀਂ ਅਮਲ ਕਰ ਰਹੇ ਹਾਂ।ਮੋਦੀ ਨੇ ਕਿਹਾ ਕਿ ਵਿਦੇਸ਼ਾਂ 'ਚ ਭਾਰਤੀ ਪਾਸਪੋਰਟ ਦੀ ਤਾਕਤ ਵਧੀ ਹੈ। ਉਨ੍ਹਾਂ ਕਿਹਾ ਹਿੰਦੁਸਤਾਨ ਤਾਂ ਉਹੀ ਹੈ, ਤੁਸੀਂ ਵੀ ਸੀ, ਦੁਨੀਆਂ ਵੀ ਸੀ ਪਰ ਅੱਜ ਜੋ ਬਦਲਾਅ ਹੋਇਆ ਹੈ ਉਹ ਹਿੰਦੁਸਤਾਨ ਨੇ ਕਰ ਕੇ ਵਿਖਾਇਆ ਹੈ