
ਕਿਹਾ - ਸਾਡੀ ਸਰਕਾਰ ਇਕ ਸਾਲ 'ਚ 22 ਲੱਖ ਆਸਾਮੀਆਂ ਭਰੇਗੀ
ਸੁਪੌਲ : ਰਾਫ਼ੇਲ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਗਾਉਂਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਰਾਫ਼ੇਲ ਦਾ ਸੱਚ ਸਾਹਮਣੇ ਆਵੇਗਾ। ਉਨ੍ਹਾਂ ਕਿਹਾ, "ਜਾਂਚ ਹੋਵੇਗੀ ਅਤੇ ਨਰਿੰਦਰ ਮੋਦੀ ਤੇ ਅਨਿਲ ਅੰਬਾਨੀ ਨੂੰ ਸਜ਼ਾ ਹੋਵੇਗੀ।"
Rahul Gandhi rally in Bihar
ਬਿਹਾਰ ਦੇ ਸੁਪੌਲ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, "ਨਰਿੰਦਰ ਮੋਦੀ ਨੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ 2 ਕਰੋੜ ਨੌਕਰੀਆਂ ਦੇਣਗੇ। ਉਨ੍ਹਾਂ ਨੇ ਝੂਠ ਬੋਲਿਆ। ਮੈਂ ਦੱਸ ਰਿਹਾ ਹਾਂ ਕਿ ਕਾਂਗਰਸ ਪਾਰਟੀ ਤੁਹਾਡੇ ਲਈ ਕੀ ਕਰਨ ਜਾ ਰਹੀ ਹੈ। 22 ਲੱਖ ਆਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਨੂੰ ਇਕ ਸਾਲ 'ਚ ਭਰਾਂਗੇ। 10 ਲੱਖ ਨੌਜਵਾਨਾਂ ਨੂੰ ਦੇਸ਼ ਦੀਆਂ ਪੰਚਾਇਤਾਂ 'ਚ ਰੁਜ਼ਗਾਰ ਦਿੱਤਾ ਜਾ ਸਕਦਾ ਹੈ।"
Rahul Gandhi rally in Bihar
ਕਾਂਗਰਸ ਪ੍ਰਧਾਨ ਨੇ ਕਿਹਾ, "ਚੌਕੀਦਾਰ ਨੇ ਬਿਹਾਰ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਹੈ। ਪੂਰੇ ਦੇਸ਼ 'ਚ ਬਿਹਾਰ ਦੇ ਨੌਜਵਾਨ ਬੈਂਕਾਂ ਅਤੇ ਸਰਕਾਰੀ ਦਫ਼ਤਰਾਂ ਅੱਗੇ ਚੌਕੀਦਾਰੀ ਕਰਦੇ ਹਨ। ਇੱਥੋਂ ਜਿਹੜਾ ਚੌਕੀਦਾਰ ਬਣ ਕੇ ਜਾਂਦਾ ਹੈ ਉਹ ਇਮਾਨਦਾਰ ਹੁੰਦਾ ਹੈ। ਜੇ ਕੋਈ ਬਿਹਾਰ ਦਾ ਚੌਕੀਦਾਰ ਬੈਂਕ ਅੱਗੇ ਖੜਾ ਮਿਲੇ ਤਾਂ ਉਸ ਬੈਂਕ 'ਚ ਚੋਰੀ ਨਹੀਂ ਹੋ ਸਕਦੀ।"
Rahul Gandhi rally in Bihar
ਰਾਹੁਲ ਨੇ ਕਿਹਾ, "ਮੋਦੀ ਸਿਰਫ਼ ਵਿਜੇ ਮਾਲਿਆ ਅਤੇ ਨੀਰਵ ਮੋਦੀ ਦੇ ਚੌਕੀਦਾਰ ਹਨ। ਮੋਦੀ ਨੇ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਿੱਤੇ। ਮੋਦੀ ਜੇ ਚੋਰਾਂ ਨੂੰ ਪੈਸਾ ਦੇ ਸਕਦੇ ਹਨ ਤਾਂ ਗਰੀਬਾਂ ਨੂੰ ਕਿਉਂ ਨਹੀਂ? ਦੇਸ਼ ਦੀ ਜਨਤਾ ਹੁਣ ਚੌਕੀਦਾਰ ਨੂੰ ਡਿਊਟੀ ਤੋਂ ਹਟਾਉਣ ਵਾਲੀ ਹੈ। ਮੋਦੀ ਸਰਕਾਰ 'ਚ ਕਰੋੜਾਂ ਨੌਜਵਾਨ ਬੇਰੁਜ਼ਗਾਰ ਹੋਏ ਹਨ। ਬਿਹਾਰ ਦੀ ਜਨਤਾ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣਨ ਦੇਵੇਗੀ।"