
409 ਹੋਰ ਸ਼ੈਲਰ ਮੰਡੀਆਂ 'ਚ ਤਬਦੀਲ
ਚੰਡੀਗੜ੍ਹ, 20 ਅਪ੍ਰੈਲ (ਸ.ਸ.ਸ): ਕੋਵਿਡ-19 ਦੀਆਂ ਬੰਦਿਸ਼ਾਂ ਦੇ ਮਦੇਨਜ਼ਰ ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਹਾੜੀ ਮੰਡੀਕਰਨ ਸੀਜ਼ਨ-2020-21 ਦੌਰਾਨ ਸੂਬਾ ਭਰ ਵਿਚ 409 ਹੋਰ ਰਾਈਸ ਸ਼ੈਲਰਾਂ ਨੂੰ ਅਨਾਜ ਮੰਡੀਆਂ 'ਚ ਤਬਦੀਲ ਕਰ ਦਿਤਾ ਹੈ। ਕਰੋਨਾਵਾਇਰਸ ਦੇ ਸੰਦਰਭ ਵਿਚ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਸਦਕਾ ਹੁਣ ਤਕ 8.95 ਲੱਖ ਮੀਟਰਕ ਟਨ ਕਣਕ ਮੰਡੀਆਂ ਵਿਚ ਪਹੁੰਚੀ ਹੈ ਜਿਸ ਵਿੱਚੋਂ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 7.54 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ।
ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ ਨੇ ਦਸਿਆ ਕਿ ਇਨ੍ਹਾਂ ਸ਼ੈਲਰਾਂ ਨੂੰ ਸਬ-ਮੰਡੀ ਯਾਰਡ ਵਿੱਚ ਤਬਦੀਲ ਕਰ ਦੇਣ ਨਾਲ ਸੂਬੇ ਵਿਚ ਖ਼ਰੀਦ ਕੇਂਦਰਾਂ ਦੀ ਗਿਣਤੀ 4100 ਹੋ ਗਈ ਹੈ ਜਿਸ ਨਾਲ ਕਰੋਨਾਵਾਇਰਸ ਦੇ ਮੱਦੇਨਜ਼ਰ ਬਿਨਾਂ ਕਿਸੇ ਦਿੱਕਤ ਤੋਂ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਮੰਡੀ ਬੋਰਡ ਨੇ ਕੁੱਲ 3691 ਖ਼ਰੀਦ ਕੇਂਦਰ ਸਥਾਪਤ ਕੀਤੇ ਸਨ ਜਿਨ੍ਹਾਂ ਵਿਚੋਂ 1867 ਪੱਕੀਆਂ ਮੰਡੀਆਂ ਅਤੇ 1824 ਆਰਜ਼ੀਮੰਡੀਆਂ ਸਨ ਤਾਂ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਫਸਲ ਵੇਚਣ ਮੌਕੇ ਸਿਹਤ ਸੁਰੱਖਿਆ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।ਬਠਿੰਡਾ 'ਚ ਇਕ ਕਿਸਾਨ ਕਣਕ ਦੀਆਂ ਬੋਰੀਆਂ 'ਤੇ ਬੈਠਾ ਹੋਇਆ। ਪੀਟੀਆਈ
ਖੰਨਾ ਨੇ ਅੱਗੇ ਦਸਿਆ ਕਿ ਮੰਡੀ ਬੋਰਡ ਵਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਹੁਣ ਤਕ 4.25 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਬੀਤੇ ਦਿਨ ਜਾਰੀ ਕੀਤੇ ਗਏ 79610 ਪਾਸ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਜਾਰੀ ਕੀਤੇ ਕੁੱਲ ਪਾਸਾਂ ਵਿੱਚੋਂ ਕਿਸਾਨਾਂ ਨੇ 1.84 ਲੱਖ ਪਾਸਾਂ ਦੀ ਵਰਤੋਂ ਕਰਦਿਆਂ 15 ਅਪ੍ਰੈਲ ਤੋਂ 19 ਅਪ੍ਰੈਲ ਤੱਕ ਮੰਡੀਆਂ ਵਿੱਚ 8.95 ਲੱਖ ਮੀਟਰਕ ਟਨ ਕਣਕ ਲਿਆਂਦੀ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1.98 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 8.95 ਲੱਖ ਮੀਟਰਕ ਟਨ ਕਣਕ ਵਿੱਚੋਂ 7.54 ਲੱਖ ਟਨ ਖਰੀਦੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਏਸੇ ਸਮੇਂ ਦੌਰਾਨ 1.37 ਲੱਖ ਮੀਟਰਕ ਟਨ ਖਰੀਦੀ ਗਈ ਸੀ।